- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰ ਸ਼ਮਸ਼ਪੁਰ ਦੀਆਂ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ, ਜੇਤੂਆਂ ਨੂੰ ਵੰਡੇ ਇਨਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸੈਂਟਰ ਸ਼ਮਸ਼ਪੁਰ ਅਧੀਨ ਆਉਂਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ’ਚ ਕਬੱਡੀ, ਖੋ-ਖੋ, ਰੱਸਾਕਸ਼ੀ, ਲੰਮੀ ਛਾਲ, ਸ਼ਾਟਪੁੱਟ ਅਤੇ ਅਥਲੈਟਿਕਸ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਬਲਾਕ ਸਿੱਖਿਆ ਅਫ਼ਸਰ ਅੱਛਰਪਾਲ ਸ਼ਰਮਾ ਨੇ ਇਨਾਮਾਂ ਦੀ ਵੰਡ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸਰਕਾਰ ਵੱਲੋਂ ਖੇਡਾਂ ਲਈ ਦਿੱਤੇ ਜਾਂਦੇ ਫੰਡਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੈਂਟਰ ਪੱਧਰ ’ਤੇ ਸਰਕਾਰ ਵੱਲੋਂ ਕੇਵਲ 2000 ਰੁਪਏ ਹੀ ਵਿੱਤੀ ਸਹਿਯੋਗ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਨਾਕਾਫ਼ੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਆਪੋ-ਆਪਣੇ ਕੋਲੋਂ ਖ਼ਰਚ ਕਰਕੇ ਇਹ ਖੇਡਾਂ ਕਰਵਾਈਆਂ ਹਨ। ਜੇਕਰ ਸਰਕਾਰ ਵੱਲੋਂ ਇਹ ਫੰਡ ਵਧਾਇਆ ਜਾਵੇ ਤਾਂ ਹੋਰ ਵੀ ਵਧੀਆ ਖਿਡਾਰੀ ਤਿਆਰ ਹੋ ਸਕਦੇ ਹਨ। ਇਸ ਦੇ ਨਾਲ ਹੀ ਅਧਿਆਪਕਾਂ ਨੇ ਸੈਂਟਰ ਪੱਧਰ ’ਤੇ ਇੱਕ ਪੀਟੀ ਅਧਿਆਪਕ ਦੀ ਅਸਾਮੀ ਤਾਇਨਾਤ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਸੈਂਟਰ ਇੰਚਾਰਜ ਚਮਕੌਰ ਸਿੰਘ, ਹੈੱਡ ਟੀਚਰ ਬਲਬੀਰ ਕੌਰ, ਹਰਵਿੰਦਰ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਜਗਪਾਲ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ, ਨੀਤਿਕਾ, ਪ੍ਰੀਤਇੰਦਰ ਕੌਰ, ਸੰਦੀਪ ਕੌਰ, ਬਲਵਿੰਦਰ ਕੌਰ, ਗੁਰਤੇਜ ਸਿਹੋਏ, ਸਟੇਜ ਸਕੱਤਰ ਨਰਿੰਦਰ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।