ਗੁਰਬਾਣੀ ਪ੍ਰਸਾਰਨ ਲਈ ਐੱਸਜੀਪੀਸੀ ਤੁਰੰਤ ਆਪਣਾ ਚੈਨਲ ਕਾਇਮ ਕਰੇ : ਮਾਨ ਗੁਰਬਾਣੀ ਪ੍ਰਸਾਰਨ ਲਈ ਐੱਸਜੀਪੀਸੀ ਤੁਰੰਤ ਆਪਣਾ ਚੈਨਲ ਕਾਇਮ ਕਰੇ : ਮਾਨ
Publish Date: Wed, 12 Aug 2026 06:13 PM (IST)
Updated Date: Wed, 12 Aug 2026 06:14 PM (IST)
ਫ਼ੋਟੋ ਕੈਪਸ਼ਨ : 15 ਸਿਮਰਨਜੀਤ ਸਿੰਘ ਮਾਨ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦਾ ਮੁੱਦਾ ਸਮੁੱਚੀ ਮਨੁੱਖਤਾ ਦੀ ਆਤਮਿਕ ਸ਼ਾਂਤੀ ਨਾਲ ਜੁੜਿਆ ਅਹਿਮ ਵਿਸ਼ਾ ਹੈ। ਗੁਰਬਾਣੀ ਪ੍ਰਚਾਰ ਤੇ ਪ੍ਰਸਾਰ ਲਈ ਐੱਸਜੀਪੀਸੀ ਅਧਿਕਾਰੀਆਂ ਦੀ ਇੱਛਾ ਸ਼ਕਤੀ ਦੀ ਘਾਟ ਕਾਰਨ ਦੇਰੀ ਹੁੰਦੀ ਆ ਰਹੀ ਹੈ, ਜਿਸ ਕਰਕੇ ਸੰਸਥਾ ਹੁਣ ਤੱਕ ਆਪਣਾ ਚੈਨਲ ਕਾਇਮ ਨਹੀਂ ਕਰ ਸਕੀ। ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਕਿਸੇ ਵੀ ਪ੍ਰਾਈਵੇਟ ਚੈਨਲ ਨੂੰ ਦੇਣ ਦੀ ਥਾਂ ਐੱਸਜੀਪੀਸੀ ਦਾ ਆਪਣਾ ਚੈਨਲ ਹੀ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐੱਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦੇ ਦਿੱਤੇ ਸੁਝਾਅ ਦਾ ਸਵਾਗਤ ਕੀਤਾ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਫ਼ਾਈਲ ਕੇਂਦਰ ਸਰਕਾਰ ਨੂੰ ਭੇਜ ਕੇ ਪ੍ਰਵਾਨਗੀ ਲਈ ਜਾਵੇ ਅਤੇ ਸੀਮਤ ਸਮੇਂ ’ਚ ਚੈਨਲ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੀਤੇ 15 ਸਾਲਾਂ ਤੋਂ ਐੱਸਜੀਪੀਸੀ ਦੀਆਂ ਆਮ ਚੋਣਾਂ ਨਾ ਕਰਵਾਏ ਜਾਣ ਦੇ ਮਾਮਲੇ ’ਚ ਵੀ ਕੇਂਦਰ ਨੂੰ ਲਿਖਤੀ ਰੂਪ ’ਚ ਭੇਜਿਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ 15 ਅਗਸਤ ਨੂੰ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪ੍ਰੋਗਰਾਮ ਦੀ ਅਗਵਾਈ ਜਥੇਦਾਰ ਸਾਹਿਬ ਆਪ ਕਰਨ ਅਤੇ ਐੱਸਜੀਪੀਸੀ ਪ੍ਰਧਾਨ, ਐਗਜ਼ੈਕਟਿਵ ਕਮੇਟੀ ਤੇ ਹਾਊਸ ਮੈਂਬਰ ਇਸ ’ਚ ਸ਼ਮੂਲੀਅਤ ਕਰਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੂੰ ਸਿਆਸੀ ਸਵਾਰਥਾਂ ਲਈ ਪੰਜਾਬ ਅਤੇ ਕੌਮ ਵਿਰੋਧੀ ਦੱਸਦਿਆਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਵਖਰੇਵੇਂ ਛੱਡ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ।