- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਸਕੋਪਸ ਜਰਨਲਾਂ ਬਾਰੇ ਸੈਮੀਨਾਰ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ (ਆਈਕਿਊਏਸੀ) ਵੱਲੋਂ ਸਕੋਪਸ-ਇੰਡੈਕਸਡ ਜਰਨਲਾਂ ’ਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਉਣ ਸਬੰਧੀ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਡਾ. ਪ੍ਰਿਤ ਪਾਲ ਸਿੰਘ ਨੇ ਕੀਤੀ, ਜਦਕਿ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਡਾ. ਸੁਮੇਧਾ ਭੰਡਾਰੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਜਰਨਲ ਦੀ ਚੋਣ, ਖਰੜਾ ਤਿਆਰ ਕਰਨ, ਸਮੀਖਿਅਕਾਂ ਦੇ ਸੁਝਾਵਾਂ ਦੇ ਜਵਾਬ ਦੇਣ ਅਤੇ ਕਲੋਨ ਜਰਨਲਾਂ ਦੀ ਪਛਾਣ ਵਰਗੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਖੋਜਕਰਤਾਵਾਂ ਨੂੰ ਗਿਣਤੀ ਵਧਾਉਣ ਦੀ ਥਾਂ ਸਮਾਜ ਲਈ ਲਾਹੇਵੰਦ ਅਤੇ ਮਿਆਰੀ ਖੋਜ ਕਾਰਜਾਂ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ।ਪ੍ਰੋ. ਡਾ. ਪ੍ਰਿਤ ਪਾਲ ਸਿੰਘ ਅਤੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਆਈਕਿਊਏਸੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਨੂੰ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਖੋਜ ਕਰਨ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਮੌਕੇ ਡਾ. ਅੰਕਦੀਪ ਕੌਰ ਅਟਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਸਰਪ੍ਰੀਤ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਐਮਏ ਅੰਗਰੇਜ਼ੀ ਦੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਜਸਪ੍ਰੀਤ ਕੌਰ ਨੇ ਕੀਤਾ, ਜਦਕਿ ਡਾ. ਸੁਪ੍ਰੀਤ ਬਿੰਦਰਾ ਨੇ ਸਭ ਦਾ ਧੰਨਵਾਦ ਪ੍ਰਗਟਾਇਆ।