- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਦੂਜਾ ਅੰਤਰ-ਜਮਾਤੀ ਮੂਟ ਕੋਰਟ ਮੁਕਾਬਲਾ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਦੂਜੇ ਅੰਤਰ-ਜਮਾਤੀ ਮੂਟ ਕੋਰਟ ਮੁਕਾਬਲੇ-2026 ਦਾ ਦੋ ਰੋਜ਼ਾ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਦਾਲਤੀ ਕਾਰਵਾਈ, ਕਾਨੂੰਨੀ ਤਰਕ, ਵਕਾਲਤੀ ਹੁਨਰ ਅਤੇ ਪੇਸ਼ੇਵਰ ਨੈਤਿਕਤਾ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ। ਮੁਕਾਬਲੇ ’ਚ 10 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ ਛੇ ਟੀਮਾਂ ਕੁਆਰਟਰ ਫਾਈਨਲ, ਚਾਰ ਟੀਮਾਂ ਸੈਮੀਫਾਈਨਲ ਅਤੇ ਦੋ ਬਿਹਤਰੀਨ ਟੀਮਾਂ ਫਾਈਨਲ ਗੇੜ ’ਚ ਪਹੁੰਚੀਆਂ। ਇਹ ਮੁਕਾਬਲਾ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਦੀ ਸਰਪ੍ਰਸਤੀ ਅਤੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਡੀਨ ਅਤੇ ਮੁਖੀ ਪ੍ਰੋ. (ਡਾ.) ਸਤਿਆਪਾਲ ਸਿੰਘ ਸਲੂਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਫਾਈਨਲ ਮੁਕਾਬਲਿਆਂ ਲਈ ਐਡਵੋਕੇਟ ਅਮਰਜੀਤ ਸਿੰਘ ਚੀਮਾ, ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਫਤਹਿਗੜ੍ਹ ਸਾਹਿਬ, ਐਡਵੋਕੇਟ ਪੰਕਜ ਰਹੇਜਾ ਅਤੇ ਐਡਵੋਕੇਟ ਗੁਰਜੋਤ ਸਿੰਘ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਵਿਦਿਆਰਥੀਆਂ ਦਾ ਮੁਲਾਂਕਣ ਕਾਨੂੰਨੀ ਖੋਜ, ਕਾਨੂੰਨ ਦੀ ਵਿਆਖਿਆ, ਦਲੀਲਾਂ, ਵਕਾਲਤੀ ਹੁਨਰ, ਅਦਾਲਤੀ ਮਰਿਆਦਾ ਅਤੇ ਨਿਆਂਇਕ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ ਦੇ ਆਧਾਰ ’ਤੇ ਕੀਤਾ ਗਿਆ। ਬੀਏ, ਐਲਐਲਬੀ (ਆਨਰਜ਼) ਸਮੈਸਟਰ ਪਹਿਲਾ ਦੀ ਜੇਤੂ ਟੀਮ ਯੂਐੱਸਓਐੱਲ 101 ’ਚ ਸਹਿਜਵੀਰ ਕੌਰ, ਸਮਨਪ੍ਰੀਤ ਕੌਰ ਅਤੇ ਸਿਮਰਨਜੋਤ ਕੌਰ ਸ਼ਾਮਲ ਸਨ। ਯੂਐੱਸਓਐੱਲ 104 ਦੀ ਟੀਮ, ਜਿਸ ’ਚ ਸ਼ਵਨ ਕੁਮਾਰ, ਰਮਨਜੋਤ ਕੌਰ ਅਤੇ ਨਵਪ੍ਰੀਤ ਕੌਰ ਸ਼ਾਮਲ ਸਨ, ਨੇ ਬੈਸਟ ਮੈਮੋਰੀਅਲ ਪੁਰਸਕਾਰ ਪ੍ਰਾਪਤ ਕੀਤਾ। ਬੀਏ, ਐਲਐਲਬੀ ਸਮੈਸਟਰ ਪੰਜਵਾਂ ਦੀ ਪਰਨੀਤ ਕੌਰ ਨੂੰ ਬੈਸਟ ਸਪੀਕਰ ਅਤੇ ਅਮਨਦੀਪ ਸਿੰਘ ਨੂੰ ਬੈਸਟ ਰਿਸਰਚਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੇ ਕਨਵੀਨਰ ਡਾ. ਨਵਨੀਤ ਕੌਰ ਸਨ, ਜਦਕਿ ਡਾ. ਮੋਹਲੀਨ ਕੌਰ ਅਤੇ ਸਾਬੀਆ ਨੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ।