- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪੰਜਾਬ ਬਚਾਓ ਰੈਲੀ’ ਆਪ ਸਰਕਾਰ ਦੇ ਘਪਲਿਆਂ ਦੀ ਪੋਲ ਖੋਲ੍ਹੇਗੀ : ਭੁੱਟਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ 15 ਸਤੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ਪੰਜਾਬ ਬਚਾਓ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭੁੱਟਾ ਨੇ ਪਿੰਡ ਮਾਧੋਪੁਰ, ਭੱਟਮਾਜਰਾ, ਸੈਦਪੁਰ, ਜਲਬੇੜੀ ਗਹਿਲਾਂ, ਫਾਟਕ ਮਾਜਰੀ, ਜਲਬੇੜੀ ਧੁੰਮੀ, ਨਬੀਪੁਰ, ਜਲਬੇੜਾ, ਦਾਲੋ ਮਾਜਰਾ, ਰਾਜਿੰਦਰਗੜ੍ਹ ਅਤੇ ਚੁੰਨੀ ਮਾਜਰਾ ਵਿਖੇ ਮੀਟਿੰਗਾਂ ਕਰ ਕੇ ਲੋਕਾਂ ਨੂੰ ਰੈਲੀ ’ਚ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ ਕੀਤੀ। ਪਿੰਡਾਂ ਦੇ ਲੋਕਾਂ ਵੱਲੋਂ ਰੈਲੀ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ’ਚ ਹਲਕਾ ਇੰਚਾਰਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਭੁੱਟਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ’ਚ ਰੱਖਣ ਲਈ ਸੰਘਰਸ਼ ਕਰਦਾ ਰਿਹਾ ਹੈ। ਮੌਜੂਦਾ ‘ਆਪ’ ਸਰਕਾਰ ਦੇ ਘਪਲਿਆਂ ਅਤੇ ਝੂਠ ਦੇ ਪੁਲੰਦਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ 15 ਸਤੰਬਰ ਨੂੰ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ। ਰੈਲੀ ’ਚ ਸੁਖਬੀਰ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ‘ਆਪ’ ਦੇ ਝੂਠੇ ਵਾਅਦਿਆਂ ਅਤੇ ਘਪਲਿਆਂ ਦਾ ਸੱਚ ਉਜਾਗਰ ਕਰੇਗੀ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਪੰਜਾਬ ’ਚ ਅਮਨ-ਸ਼ਾਂਤੀ ਕਾਇਮ ਰੱਖਣ ’ਚ ਨਾਕਾਮ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ’ਚ ਪੁਲਿਸ ਨੂੰ ਅੱਗੇ ਕਰ ਕੇ ਲੋਕਾਂ ਦੇ ਸੰਵਿਧਾਨਕ ਹੱਕਾਂ ’ਤੇ ਡਾਕੇ ਮਾਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨਿਆਂ ’ਚੋਂ ਨਿਕਲੀ ਦੱਸਣ ਵਾਲੀ ਪਾਰਟੀ ਹੁਣ ਹੱਕਾਂ ਲਈ ਧਰਨੇ ਦੇਣ ਵਾਲੇ ਲੋਕਾਂ ’ਤੇ ਹੀ ਝੂਠਾ ਦਬਾਅ ਪਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ ਨਬੀਪੁਰ, ਜੁਝਾਰ ਸਿੰਘ ਬੁੱਚੜੇ, ਜੋਗਿੰਦਰ ਸਿੰਘ, ਰੁਪਿੰਦਰ ਸਿੰਘ ਸੈਦਪੁਰ, ਵਿਕਰਮਜੀਤ ਸਿੰਘ, ਲਵਪ੍ਰੀਤ, ਮਨਪ੍ਰੀਤ ਸਿੰਘ ਸ਼ਾਹਪੁਰ, ਅਮਰਜੀਤ ਸਿੰਘ, ਅਵਤਾਰ ਸਿੰਘ ਸ਼ਾਹਪੁਰ, ਰੇਸ਼ਮ ਸਿੰਘ, ਹਰਪ੍ਰੀਤ ਸਿੰਘ, ਜੋਬਨਪ੍ਰੀਤ, ਮਲਕੀਤ ਸਿੰਘ, ਪੁਸ਼ਪਿੰਦਰ ਸਿੰਘ ਚੁੰਨੀ ਮਾਜਰਾ, ਰਣਧੀਰ ਸਿੰਘ ਜਲਬੇੜਾ ਅਤੇ ਰਾਜੂ ਦਾਲੋ ਮਾਜਰਾ ਆਦਿ ਮੌਜੂਦ ਸਨ।