ਸੰਤ ਨਿਰੰਕਾਰੀ ਸਤਿਸੰਗ ਭਵਨ ਸਰਹਿੰਦ ’ਚ ਸੰਤ ਸਮਾਗਮ
ਸੰਤ ਨਿਰੰਕਾਰੀ ਸਤਿਸੰਗ ਭਵਨ ਸਰਹਿੰਦ ਵਿਖੇ ਆਯੋਜਿਤ ਹੋਇਆ ਸੰਤ ਸਮਾਗਮ
Publish Date: Sat, 04 Apr 2026 04:51 PM (IST)
Updated Date: Sat, 04 Apr 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ’ਚ ਇਕ ਸੰਯੋਜਕ ਪੱਧਰ ਦਾ ਸੰਤ ਸਮਾਗਮ ਕੀਤਾ ਗਿਆ। ਇਸ ਮੌਕੇ ਕੇਂਦਰੀ ਗਿਆਨ ਪ੍ਰਚਾਰਕ ਤੇ ਸੀਪੀਏਬੀ ਦਿੱਲੀ ਦੀ ਮੈਂਬਰ ਜੋਗਿੰਦਰ ਕੌਰ ਜੋਗੀ ਨੇ ਆਪਣੇ ਪ੍ਰਵਚਨ ਵਿਚ ਉਨ੍ਹਾਂ ਕਿਹਾ ਕਿ ਸਮਾਜ ਵਿਚ ਖਾਲਕ ਅਤੇ ਮਾਲਕ ਭਾਵ ਆਤਮਾ ਤੇ ਪਰਮਾਤਮਾ ਵਿਚਕਾਰ ਰਿਸ਼ਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮਨੁੱਖ ਆਪਣੀ ਮਿਹਨਤ ਨਾਲ ਜੀਵਨ ਬਤੀਤ ਕਰਦਾ ਹੈ ਪਰ ਅਕਸਰ ਆਪਣੇ ਅਸਲੀ ਮਕਸਦ ਨੂੰ ਭੁੱਲ ਜਾਂਦਾ ਹੈ। ਪਰਮ ਪਿਤਾ ਪਰਮਾਤਮਾ ਨੇ ਮਨੁੱਖ ਨੂੰ ਸੁੰਦਰ ਧਰਤੀ, ਪਾਣੀ, ਹਵਾ ਅਤੇ ਜੀਵਨ ਜਿਉਣ ਲਈ ਲੋੜੀਂਦੇ ਸਾਰੇ ਸਾਧਨ ਬਖਸ਼ੇ ਹਨ ਫਿਰ ਵੀ ਉਹ ਹੰਕਾਰ ਅਤੇ ਲਾਲਚ ਵਿਚ ਆ ਕੇ ਇਨ੍ਹਾਂ ਨਿਆਮਤਾਂ ਦੀ ਕਦਰ ਨਹੀਂ ਕਰਦਾ ਅਤੇ ਦਾਤੇ ਨੂੰ ਵੀ ਯਾਦ ਨਹੀਂ ਕਰਦਾ। ਸੱਚਾਈ, ਨਿਮਰਤਾ ਅਤੇ ਸਹਿਯੋਗ ਵਰਗੇ ਗੁਣਾਂ ਨੂੰ ਅਪਣਾਉਣ ਨਾਲ ਹੀ ਇੱਕ ਚੰਗਾ ਸਮਾਜ ਤਿਆਰ ਕੀਤਾ ਜਾ ਸਕਦਾ ਹੈ ਅਤੇ ਹਿੰਸਾਤਮਕ ਭਾਵਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਆਪਣੇ ਜੀਵਨ ਵਿਚ ਨੇਕੀਆਂ ਵਧਾਉਣੀਆਂ ਚਾਹੀਦੀਆਂ ਹਨ ਤਾਂ ਜੋ ਇੱਕ ਅਜਿਹਾ ਸਮਾਜ ਬਣ ਸਕੇ ਜਿਥੇ ਪਿਆਰ, ਭਾਈਚਾਰਾ ਅਤੇ ਸਮਾਨਤਾ ਹੋਵੇ। ਸਥਾਨਕ ਮੁਖੀ ਰਣਧੀਰ ਸਿੰਘ ਨੇ ਜੋਗਿੰਦਰ ਕੌਰ ਜੋਗੀ ਦਾ ਧੰਨਵਾਦ ਕੀਤਾ। ਇਸ ਮੌਕੇ ਸਰਹਿੰਦ, ਬਸੀ ਪਾਠਣਾ, ਅਮਲੋਹ, ਮੰਡੀ ਗੋਬਿੰਦਗੜ੍ਹ ਅਤੇ ਖੁਮਾਣੋਂ ਤੋਂ ਵੀ ਸੰਗਤ ਨੇ ਹਾਜ਼ਰੀ ਭਰੀ।