ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ: ਫ਼ਤਿਹਗੜ੍ਹ ਸਾਹਿਬ ਦੇ ਐਡਵੋਕੇਟ ਹਰਸ਼ਵਿੰਦਰ ਚੀਮਾ ਦਾ ਦੇਹਾਂਤ; ਕਾਰ ਚਲਾਉਂਦੇ ਸਮੇਂ ਪਿਆ ਦਿਲ ਦਾ ਦੌਰਾ
ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨ ਵਕੀਲ ਹਰਸ਼ਵਿੰਦਰ ਸਿੰਘ ਚੀਮਾ (42) ਦਾ ਕੈਨੇਡਾ ਵਿੱਚ ਅਚਾਨਕ ਦੇਹਾਂਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮੁਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਹੋਈ ਹੈ। ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਂਦੇ ਹੀ ਫ਼ਤਿਹਗੜ੍ਹ ਸਾਹਿਬ ਦੇ ਕਾਨੂੰਨੀ ਭਾਈਚਾਰੇ ਸਮੇਤ ਉਨ੍ਹਾਂ ਦੇ ਜਾਣਕਾਰਾਂ ਅਤੇ ਸ਼ੁਭਚਿੰਤਕਾਂ ਵਿੱਚ ਡੂੰਘਾ ਦੁੱਖ ਦੇਖਿਆ ਗਿਆ।
Publish Date: Tue, 24 Mar 2026 01:01 PM (IST)
Updated Date: Tue, 24 Mar 2026 01:03 PM (IST)

ਦੀਪਕ ਸੂਦ, ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨ ਵਕੀਲ ਹਰਸ਼ਵਿੰਦਰ ਸਿੰਘ ਚੀਮਾ (42) ਦਾ ਕੈਨੇਡਾ ਵਿੱਚ ਅਚਾਨਕ ਦੇਹਾਂਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮੁਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਹੋਈ ਹੈ। ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਂਦੇ ਹੀ ਫ਼ਤਿਹਗੜ੍ਹ ਸਾਹਿਬ ਦੇ ਕਾਨੂੰਨੀ ਭਾਈਚਾਰੇ ਸਮੇਤ ਉਨ੍ਹਾਂ ਦੇ ਜਾਣਕਾਰਾਂ ਅਤੇ ਸ਼ੁਭਚਿੰਤਕਾਂ ਵਿੱਚ ਡੂੰਘਾ ਦੁੱਖ ਦੇਖਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਰਸ਼ਵਿੰਦਰ ਸਿੰਘ ਚੀਮਾ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਂਤ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਉੱਥੇ ਹੀ ਉਨ੍ਹਾਂ ਦੇ ਨਾਲ ਰਹਿ ਰਹੇ ਸਨ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਕਾਰ ਚਲਾ ਰਹੇ ਸਨ। ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਮ੍ਰਿਤੂ ਹੋ ਗਈ।
ਕੋਰਟ ਕੰਪਲੈਕਸ ਵਿੱਚ ਸੋਗ ਸਭਾ ਅਤੇ 'ਨੋ ਵਰਕ'
ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਜੱਦੀ ਸ਼ਹਿਰ ਅਤੇ ਸਾਥੀ ਵਕੀਲਾਂ ਤੱਕ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਇਸ ਦੁਖਦਾਈ ਘਟਨਾ ਨੂੰ ਲੈ ਕੇ ਅੱਜ ਫ਼ਤਿਹਗੜ੍ਹ ਸਾਹਿਬ ਕੋਰਟ ਕੰਪਲੈਕਸ ਵਿੱਚ ਵਕੀਲਾਂ ਨੇ ਸੋਗ ਪ੍ਰਗਟ ਕੀਤਾ। ਬਾਰ ਐਸੋਸੀਏਸ਼ਨ ਵੱਲੋਂ ਸੋਗ ਮਤਾ ਪਾਸ ਕੀਤਾ ਗਿਆ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਬਾਰ ਰੂਮ ਵਿੱਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਕੀਲਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਸੋਗ ਵਜੋਂ ਅੱਜ ਅਦਾਲਤਾਂ ਵਿੱਚ 'ਨੋ ਵਰਕ' (ਕੰਮਕਾਜ ਬੰਦ) ਰੱਖਿਆ ਗਿਆ।
ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸ਼ਵਿੰਦਰ ਸਿੰਘ ਚੀਮਾ ਇੱਕ ਮਿਹਨਤੀ ਅਤੇ ਮਿਲਣਸਾਰ ਸੁਭਾਅ ਦੇ ਵਕੀਲ ਸਨ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫ਼ਤਿਹਗੜ੍ਹ ਸਾਹਿਬ ਵਿੱਚ ਵਕਾਲਤ ਕੀਤੀ ਅਤੇ ਆਪਣੇ ਕੰਮ ਨਾਲ ਇੱਕ ਵੱਖਰੀ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਬੇਹੱਦ ਦੁਖਦਾਈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਿਵਾਰ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਉੱਥੇ ਹੀ ਮੌਜੂਦ ਹੈ।