- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੋਹ ਰੋਡ ’ਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ : ਪਦਮ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਅਮਲੋਹ ਰੋਡ ’ਤੇ ਰਾਤ ਸਮੇਂ ਸਟਰੀਟ ਲਾਈਟਾਂ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਹਨੇਰਾ ਪਸਰਿਆ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸ਼ਹਿਰ ਦੀ ਪ੍ਰਮੁੱਖ ਸੜਕ ਹੈ, ਜਿੱਥੇ ਰਾਤ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਸਟਰੀਟ ਲਾਈਟਾਂ ਬੰਦ ਰਹਿਣਾ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਹੈ। ਪਦਮ ਨੇ ਕਿਹਾ ਕਿ ਹਨੇਰੇ ਕਾਰਨ ਸੜਕ ਕਿਨਾਰੇ ਖੜ੍ਹੇ ਵਾਹਨ ਅਤੇ ਪੈਦਲ ਲੰਘਣ ਵਾਲੇ ਲੋਕ ਦਿਖਾਈ ਨਾ ਦੇਣ ਕਰਕੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਨਗਰ ਕੌਂਸਲ ਕੋਲ ਸਾਧਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਕੌਂਸਲ ਨਿਯਮਾਂ ਅਨੁਸਾਰ ਆਸਾਨੀ ਨਾਲ ਸਟਰੀਟ ਲਾਈਟਾਂ ਦਾ ਪ੍ਰਬੰਧ ਕਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਮਲੋਹ ਰੋਡ ਦਾ ਤੁਰੰਤ ਨਿਰੀਖਣ ਕਰਵਾ ਕੇ ਖ਼ਰਾਬ ਲਾਈਟਾਂ ਠੀਕ ਕੀਤੀਆਂ ਜਾਣ, ਲੋੜ ਅਨੁਸਾਰ ਨਵੀਆਂ ਲਾਈਟਾਂ ਲਗਾਈਆਂ ਜਾਣ ਅਤੇ ਸ਼ਹਿਰ ਦੀਆਂ ਬਾਕੀ ਮੁੱਖ ਸੜਕਾਂ ’ਤੇ ਵੀ ਰੌਸ਼ਨੀ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ।