ਪਿੰਡ ਤਲਾਣੀਆਂ ’ਚ ਦਰੱਖਤ ਪੁੱਟਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਪਿੰਡ ਤਲਾਣੀਆਂ ’ਚ ਤ੍ਰਿਵੈਣੀ ਤੇ ਹਰੇ-ਭਰੇ ਦਰੱਖਤ ਪੁੱਟਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Publish Date: Sun, 29 Nov 2026 06:28 PM (IST)
Updated Date: Sun, 29 Nov 2026 06:29 PM (IST)
ਫ਼ੋਟੋ ਫ਼ਾਈਲ : 9 ਤ੍ਰਿਵੈਣੀ ਤੇ ਦਰੱਖਤ ਪੁੱਟੇ ਜਾਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਸ਼ੋਕ ਕੁਮਾਰ, ਸਾਬਕਾ ਐਮਸੀ ਵਿਸਾਖੀ ਰਾਮ ਅਤੇ ਪਿੰਡ ਵਾਸੀ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਤਲਾਣੀਆਂ ਵਿਖੇ ਆਂਗਣਵਾੜੀ ਦਾ ਕਮਰਾ ਬਣਾਉਣ ਦੀ ਆੜ ’ਚ ਚਾਰ ਸਾਲ ਪਹਿਲਾਂ ਲਗਾਈ ਗਈ ਤ੍ਰਿਵੈਣੀ ਅਤੇ ਹੋਰ ਹਰੇ-ਭਰੇ ਦਰੱਖਤਾਂ ਨੂੰ ਪੁੱਟਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਪ੍ਰਧਾਨ ਅਸ਼ੋਕ ਕੁਮਾਰ ਤਲਾਣੀਆਂ ਅਤੇ ਸਾਬਕਾ ਐਮਸੀ ਵਿਸਾਖੀ ਰਾਮ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਜਿੱਥੇ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੀਆਂ ਹਨ, ਉੱਥੇ ਹੀ ਪਿੰਡ ਤਲਾਣੀਆਂ ’ਚ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਹਰਿਆਵਲ ਦਾ ਘਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਬਾਬਾ ਦਰਸ਼ਨ ਸਿੰਘ ਢੱਕੀ ਮਕਸੂਦੜਾ ਵਾਲਿਆਂ ਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਵੱਡੀ ਮੁਹਿੰਮ ਤਹਿਤ ਇਹ ਤ੍ਰਿਵੈਣੀ ਲਗਾਈ ਗਈ ਸੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਤਿੰਨ ਦਿਨ ਪਹਿਲਾਂ ਸੱਤਾਧਾਰੀ ਧਿਰ ਨਾਲ ਸਬੰਧਤ ਕੁਝ ਵਿਅਕਤੀਆਂ ਨੇ ਆਂਗਣਵਾੜੀ ਦਾ ਕਮਰਾ ਬਣਾਉਣ ਦਾ ਬਹਾਨਾ ਲਗਾ ਕੇ ਲੋਹੇ ਦਾ ਜੰਗਲਾ ਤੋੜ ਦਿੱਤਾ ਅਤੇ ਤ੍ਰਿਵੈਣੀ ਸਮੇਤ ਜੰਗਲਾਤ ਵਿਭਾਗ ਦੀ ਬਿਨਾਂ ਮਨਜ਼ੂਰੀ ਤੋਂ ਕਈ ਹਰੇ-ਭਰੇ ਦਰੱਖਤ ਪੁੱਟ ਕੇ ਸੁੱਟ ਦਿੱਤੇ। ਮੁਹੱਲੇ ਦੇ ਵਾਸੀਆਂ ਅਤੇ ਔਰਤਾਂ ਨੇ ਵੀ ਇਸ ਉਸਾਰੀ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਿਸ ਥਾਂ ’ਤੇ ਆਂਗਣਵਾੜੀ ਦਾ ਕਮਰਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਪਾਸੇ ਪਾਣੀ ਵਾਲੀ ਟੈਂਕੀ ਦਾ ਝੁਕਾਅ ਹੈ। ਅਜਿਹੇ ’ਚ ਜੇਕਰ ਇੱਥੇ ਆਂਗਣਵਾੜੀ ਬਣਦੀ ਹੈ ਤਾਂ ਛੋਟੇ ਬੱਚਿਆਂ ਦੀ ਜਾਨ ਨੂੰ ਹਮੇਸ਼ਾ ਖ਼ਤਰਾ ਬਣਿਆ ਰਹੇਗਾ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਐਸਐਸਪੀ ਫਤਹਿਗੜ੍ਹ ਸਾਹਿਬ ਤੋਂ ਮੰਗ ਕੀਤੀ ਕਿ ਮੌਕੇ ਦਾ ਤੁਰੰਤ ਦੌਰਾ ਕਰਕੇ ਦਰੱਖਤ ਪੁੱਟਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਪੁੱਟੇ ਹੋਏ ਦਰੱਖਤ ਤੇ ਲੋਹੇ ਦਾ ਜੰਗਲਾ ਬਰਾਮਦ ਕੀਤਾ ਜਾਵੇ। ਇਸ ਮੌਕੇ ਸੁਖਪਾਲ ਸਿੰਘ, ਹਰਦੀਪ ਸਿੰਘ, ਨਾਇਬ ਸਿੰਘ ਤਲਾਣੀਆਂ, ਲਖਵੀਰ ਸਿੰਘ, ਗੁਰਭਜਨ ਸਿੰਘ ਬੰਗਾ ਤਲਾਣੀਆਂ, ਗੁਰਪ੍ਰੀਤ ਸਿੰਘ, ਦਵਿੰਦਰ ਕੌਰ, ਰਜਿੰਦਰ ਕੌਰ, ਜੀਤੋ ਦੇਵੀ, ਸੋਮਾ ਦੇਵੀ ਤਲਾਣੀਆਂ, ਵੀਰ ਸਿੰਘ ਤਲਾਣੀਆਂ, ਧਰਮ ਪਾਲ, ਹਰਦੀਪ ਸਿੰਘ ਵਰਤੀਆ, ਗੌਰਵ ਕੁਮਾਰ ਤਲਾਣੀਆਂ ਅਤੇ ਗੁਰਦੀਪ ਸਿੰਘ ਭਾਗਨਪੁਰ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।