- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੋਹ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼ਹਿਰ ਵਿਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਧਿਆਨ ਵਿਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਆਏ ਦਿਨ ਸੜਕ ਹਾਦਸੇ ਵਾਪਰਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਅਨੁਸਾਰ ਪੁਰਾਣੀ ਅਨਾਜ ਮੰਡੀ ਤੋਂ ਸੂਏ ਤੱਕ, ਮੰਡੀ ਗੋਬਿੰਦਗੜ੍ਹ ਚੌਕ ਤੋਂ ਬੁੱਗਾ ਅੱਡਾ ਅਤੇ ਮੁੱਖ ਬਾਜ਼ਾਰ ਵਿਚ ਸੜਕ ਕਿਨਾਰੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਵੱਡੇ ਪੱਧਰ ’ਤੇ ਕਬਜ਼ੇ ਕੀਤੇ ਹੋਏ ਹਨ। ਨਗਰ ਕੌਂਸਲ ਵੱਲੋਂ ਸੜਕ ਕਿਨਾਰੇ ਲਗਾਈਆਂ ਇੰਟਰਲਾਕ ਟਾਈਲਾਂ ’ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਰੱਖ ਕੇ 20-20 ਫੁੱਟ ਤੱਕ ਕਬਜ਼ਾ ਕੀਤਾ ਹੋਇਆ ਹੈ। ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਵਾ ਕੇ ਹਫ਼ਤਾਵਾਰੀ ਜਾਂ ਮਹੀਨਾਵਾਰ ਕਿਰਾਇਆ ਵਸੂਲਣ ਦੀ ਚਰਚਾ ਵੀ ਸਾਹਮਣੇ ਆ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਬੱਸ ਅੱਡਾ ਬਣਾਏ ਜਾਣ ਦੇ ਬਾਵਜੂਦ ਬੱਸ ਚਾਲਕ ਨਾਭਾ ਚੌਕ ਅਤੇ ਢੋਲਾਂਵਾਲਾ ਚੌਂਕ ਵਿੱਚ ਹੀ ਸਵਾਰੀਆਂ ਚੜ੍ਹਾਉਂਦੇ ਅਤੇ ਉਤਾਰਦੇ ਹਨ, ਜਿਸ ਕਰਕੇ ਇਨ੍ਹਾਂ ਚੌਂਕਾਂ ਵਿੱਚ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਬਿਨਾਂ ਪਰਮਿਟ ਅਤੇ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਗ਼ੈਰ-ਕਾਨੂੰਨੀ ਆਟੋ ਰਿਕਸ਼ਾ ਵੀ ਮੰਡੀ ਗੋਬਿੰਦਗੜ੍ਹ ਚੌਂਕ ਅਤੇ ਨਾਭਾ ਚੌਂਕ ਵਿੱਚ ਅਣਅਧਿਕਾਰਤ ਤੌਰ ’ਤੇ ਖੜ੍ਹੇ ਹੋ ਕੇ ਟ੍ਰੈਫ਼ਿਕ ਵਿਵਸਥਾ ਨੂੰ ਵਿਗਾੜ ਰਹੇ ਹਨ। ਸ਼ਹਿਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ਿਆਂ ਅਤੇ ਬੇਤਰਤੀਬੀ ਟ੍ਰੈਫ਼ਿਕ ਤੋਂ ਜਲਦ ਨਿਜਾਤ ਦਿਵਾਈ ਜਾਵੇ।