- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਦੀ ਚੇਤਾਵਨੀ ਮਗਰੋਂ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਣੇ ਸ਼ੁਰੂ

ਗਰਗ, ਪੰਜਾਬੀ ਜਾਗਰਣ, ਅਮਲੋਹ : ਬੀਤੇ ਦਿਨੀਂ ‘ਪੰਜਾਬੀ ਜਾਗਰਣ’ ਵੱਲੋਂ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਪ੍ਰਕਾਸ਼ਿਤ ਕੀਤੀ ਖ਼ਬਰ ਤੋਂ ਬਾਅਦ ਨਗਰ ਕੌਂਸਲ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਖ਼ਬਰ ਨਸ਼ਰ ਹੋਣ ਮਗਰੋਂ ਕੌਂਸਲਰਾਂ ਤੇ ਮੋਹਤਬਰਾਂ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨਾਲ ਰਾਬਤਾ ਕਰਕੇ ਆਪਣੀਆਂ ਦੁਕਾਨਾਂ ਦਾ ਸਾਮਾਨ ਹੱਦ ਅੰਦਰ ਰੱਖਣ ਦੀ ਅਪੀਲ ਕੀਤੀ ਗਈ ਸੀ ਅਤੇ ਚੇਤਾਵਨੀ ਦਿੱਤੀ ਗਈ ਸੀ ਕਿ ਸੜਕਾਂ ’ਤੇ ਪਿਆ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਇਸ ਦਾ ਅਸਰ ਅੱਜ ਸ਼ਹਿਰ ’ਚ ਸਾਫ਼ ਦੇਖਣ ਨੂੰ ਮਿਲਿਆ ਅਤੇ ਬਾਜ਼ਾਰ ਖੁੱਲ੍ਹੇ ਤੇ ਚੌੜੇ ਨਜ਼ਰ ਆਉਣ ਲੱਗ ਪਏ ਹਨ। ਦੁਕਾਨਦਾਰਾਂ ਨੇ ਕੌਂਸਲ ਦੀ ਅਪੀਲ ’ਤੇ ਅਮਲ ਕਰਦਿਆਂ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਸੀਮਤ ਰੱਖਿਆ। ਨਗਰ ਕੌਂਸਲ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਭਵਿੱਖ ’ਚ ਦੁਬਾਰਾ ਸੜਕਾਂ ’ਤੇ ਸਾਮਾਨ ਰੱਖਿਆ ਗਿਆ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ ਅਤੇ ਸੜਕਾਂ ’ਤੇ ਜਾਮ ਲੱਗਣ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਚਲਾਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਥਾਨਕ ਦੁਕਾਨਦਾਰਾਂ ਨੇ ਅਪੀਲ ਕੀਤੀ ਕਿ ਦੁਪਹਿਰ ਤੋਂ ਬਾਅਦ ਸੜਕਾਂ ਕਿਨਾਰੇ ਲੱਗਣ ਵਾਲੀਆਂ ਖਾਣ-ਪੀਣ ਦੀਆਂ ਰੇਹੜੀਆਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ, ਸਿਵਲ ਹਸਪਤਾਲ ਅਤੇ ਪੁਰਾਣੀ ਅਨਾਜ ਮੰਡੀ ਨੇੜੇ ਵੱਡੀ ਗਿਣਤੀ ’ਚ ਲੱਗਣ ਵਾਲੀਆਂ ਇਹ ਰੇਹੜੀਆਂ ਆਵਾਜਾਈ ’ਚ ਵੱਡਾ ਅੜਿੱਕਾ ਬਣ ਰਹੀਆਂ ਹਨ।