- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਪੀ ਖਾਦ ਦੀ ਘਾਟ ਤੁਰੰਤ ਪੂਰੀ ਨਾ ਹੋਈ ਤਾਂ ਕਿਸਾਨਾਂ ਦੇ ਹੱਕਾਂ ਲਈ ਕਰਾਂਗੇ ਸੰਘਰਸ਼ : ਰਣਦੀਪ ਨਾਭਾ

ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਸਰਕਾਰ ਵੱਲੋਂ ਡੀਏਪੀ ਨੂੰ ਲੈ ਕੇ ਵਿਧਾਨ ਸਭਾ ’ਚ ਕੀਤੇ ਗਏ ਦਾਅਵੇ ਸਰਾਸਰ ਝੂਠੇ ਸਾਬਤ ਹੋ ਰਹੇ ਹਨ, ਕਿਉਂਕਿ ਅੱਜ ਅਮਲੋਹ ਹਲਕੇ ਦੇ ਕਿਸੇ ਵੀ ਖਾਦ ਵਿਕਰੇਤਾ ਜਾਂ ਕੋਆਪਰੇਟਿਵ ਸੁਸਾਇਟੀ ਕੋਲ ਡੀਏਪੀ ਖਾਦ ਉਪਲੱਬਧ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਲੂਆਂ ਅਤੇ ਕਣਕ ਦੀ ਬਿਜਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ, ਪਰ ਡੀਏਪੀ ਨਾ ਮਿਲਣ ਕਾਰਨ ਬਿਜਾਈ ਪਛੜ ਰਹੀ ਹੈ। ਇਸ ਨਾਲ ਫ਼ਸਲਾਂ ਦਾ ਝਾੜ ਘਟਣ ਦਾ ਖ਼ਦਸ਼ਾ ਬਣ ਗਿਆ ਹੈ, ਜਿਸ ਕਾਰਨ ਪਹਿਲਾਂ ਹੀ ਮੰਦਹਾਲੀ ਝੱਲ ਰਹੀ ਕਿਸਾਨੀ ਹੋਰ ਆਰਥਿਕ ਸੰਕਟ ਵੱਲ ਧੱਕੀ ਜਾ ਰਹੀ ਹੈ। ਸਰਕਾਰ ਵੱਲੋਂ ਵਿਧਾਨ ਸਭਾ ’ਚ ਅਜਿਹੇ ਗ਼ਲਤ ਬਿਆਨ ਦੇਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਡੀਏਪੀ ਖਾਦ ਦੀ ਘਾਟ ਪੂਰੀ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ’ਚ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਲਵੀਰ ਸਿੰਘ ਮਿੰਟੂ, ਰਛਪਾਲ ਸਿੰਘ ਮੁੱਢੜੀਆਂ, ਬਲਜੀਤ ਸਿੰਘ ਮਰਾਰੜੂ, ਹਰਪ੍ਰੀਤ ਗੁਰਧਨਪੁਰ, ਅਮਰੀਕ ਸਿੰਘ ਮੁੱਢੜੀਆਂ, ਰਣਜੀਤ ਸਿੰਘ ਨੰਬਰਦਾਰ, ਗੁਰਮੁੱਖ ਨਰਾਇਣਗੜ੍ਹ, ਗੁਰਬਚਨ ਕਾਹਨਪੁਰਾ, ਭੂਸ਼ਣ ਸ਼ਰਮਾ, ਯੂਥ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਮਾਨ, ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ, ਦਲਜੋਤ ਔਜਲਾ ਅਤੇ ਪੀਏ ਮਨਪ੍ਰੀਤ ਸਿੰਘ ਮਿੰਟਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।