
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਕੂਟਰ ਬਾਜ਼ਾਰ ਐਸੋਸੀਏਸ਼ਨ ਨੇ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੰਜਾਬ ਸਕੂਟਰ ਬਾਜ਼ਾਰ ਐਸੋਸੀਏਸ਼ਨ ਦੇ ਵਫ਼ਦ ਨੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਾਲ ਮੀਟਿੰਗ ਕਰਕੇ ਵਾਹਨ ਤੇ ਐਨਟੀਆਰ ਪੋਰਟਲ ’ਤੇ ਵਾਹਨਾਂ ਦੀ ਆਰਸੀ ਤੇ ਓਨਰਸ਼ਿਪ ਟਰਾਂਸਫਰ ਦੌਰਾਨ ਆ ਰਹੀਆਂ ਦਿੱਕਤਾਂ ਸਬੰਧੀ ਮੰਗ ਪੱਤਰ ਸੌਂਪਿਆ। ਵਿਧਾਇਕ ਗੈਰੀ ਬੜਿੰਗ ਨੇ ਦੱਸਿਆ ਕਿ ਵਾਹਨ ਪੋਰਟਲ ’ਤੇ ਆਰਸੀ ਟਰਾਂਸਫਰ ਲਈ ਸਿਰਫ਼ ਆਧਾਰ ਓਟੀਪੀ ਲਾਜ਼ਮੀ ਹੋਣ ਕਾਰਨ ਖ਼ਰੀਦਦਾਰਾਂ, ਵੇਚਣ ਵਾਲਿਆਂ ਅਤੇ ਡੀਲਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਈ ਲੋਕਾਂ ਦੇ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹਨ ਜਾਂ ਪੁਰਾਣੇ ਮਾਲਕ ਦੂਰ-ਦੁਰਾਡੇ ਰਹਿੰਦੇ ਹਨ। ਐਸੋਸੀਏਸ਼ਨ ਨੇ ਪਹਿਲਾਂ ਵਾਂਗ ਰਜਿਸਟਰਡ ਮੋਬਾਈਲ ਓਟੀਪੀ ਪ੍ਰਣਾਲੀ ਨੂੰ ਬਦਲਵੇਂ ਪ੍ਰਬੰਧ ਵਜੋਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਬੜਿੰਗ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਤੇ ਇਹ ਮਸਲਾ ਪੰਜਾਬ ਸਰਕਾਰ, ਟਰਾਂਸਪੋਰਟ ਵਿਭਾਗ ਅਤੇ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਧਿਆਨ ’ਚ ਲਿਆ ਕੇ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਰਾਜਾ ਅਰੋੜਾ, ਪ੍ਰਧਾਨ ਸੁਰੇਸ਼ ਮਿੱਤਲ, ਸਰਪ੍ਰਸਤ ਦਲਜੀਤ ਸਿੰਘ ਵਿਰਕ, ਜਨਰਲ ਸਕੱਤਰ ਸੰਜੇ ਕੁਮਾਰ, ਮੀਤ ਪ੍ਰਧਾਨ ਅਜੇ ਗਰਗ, ਖ਼ਜ਼ਾਨਚੀ ਨਰੇਸ਼ ਸਾਹੀ, ਵਿਨੋਦ ਅਬਰੋਲ ਅਤੇ ਅਖ਼ਿਲ ਅਬਰੋਲ ਵੀ ਮੌਜੂਦ ਸਨ।