ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਸੈਂਪਲ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਗਏ ਸੈਂਪਲ
Publish Date: Sat, 24 Oct 2026 06:46 PM (IST)
Updated Date: Sat, 24 Oct 2026 06:49 PM (IST)
ਫ਼ੋਟੋ ਫ਼ਾਈਲ : 16 -ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਦੇ ਅਧਿਕਾਰੀ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਤੇ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰ ਲਵਪ੍ਰੀਤ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਵੱਲੋਂ ਸਵੇਰ ਵੇਲੇ ਨਾਕਾਬੰਦੀ ਕਰਕੇ ਦੁੱਧ, ਖੋਆ, ਪਨੀਰ, ਦੇਸੀ ਘਿਓ ਅਤੇ ਮਠਿਆਈਆਂ ਆਦਿ ਦੇ ਸੈਂਪਲ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ’ਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਦੱਸਿਆ ਕਿ ਲੋਕਾਂ ਨੂੰ ਸਾਫ਼-ਸੁਥਰੀਆਂ, ਮਿਲਾਵਟ ਰਹਿਤ ਅਤੇ ਗੁਣਵੱਤਾ ਭਰਪੂਰ ਚੀਜ਼ਾਂ ਮੁਹੱਈਆ ਕਰਵਾਉਣ ਲਈ ਮਠਿਆਈਆਂ ਦੀਆਂ ਦੁਕਾਨਾਂ, ਦੋਧੀਆਂ, ਡੇਅਰੀਆਂ ਅਤੇ ਦੁੱਧ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 11 ਸੈਂਪਲ ਲਏ ਜਾ ਚੁੱਕੇ ਹਨ ਅਤੇ ਵਿਕਰੇਤਾਵਾਂ ਨੂੰ ਸ਼ੁੱਧਤਾ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਫੂਡ ਸੇਫ਼ਟੀ ਅਫ਼ਸਰ ਲਵਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਦੋਧੀਆਂ ਅਤੇ ਹਲਵਾਈਆਂ ਨੂੰ ਖੁਰਾਕ ਸੁਰੱਖਿਆ ਮਾਪਦੰਡਾਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।