ਸਟੇਟ ਪੱਧਰੀ "ਪਲਸ ਪੋਲੀਓ ਮੁਹਿੰਮ" ਦੀ ਸ਼ੁਰੂਆਤ ਫਤਿਹਗੜ੍ਹ ਸਾਹਿਬ ਤੋਂ ਕੀਤੀ ਸਟੇਟ ਪੱਧਰੀ "ਪਲਸ ਪੋਲੀਓ ਮੁਹਿੰਮ" ਦੀ ਸ਼ੁਰੂਆਤ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਕੀਤੀ
Publish Date: Sun, 22 Nov 2026 05:58 PM (IST)
Updated Date: Sun, 22 Nov 2026 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ. ਅਨਿਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਹੁਕਮਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ.ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਸਟੇਟ ਪੱਧਰੀ ਪਲਸ ਪੋਲੀਓ ਮੁਹਿੰਮ ਦੀ ਰਸਮੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਸਟੇਟ ਟੀਕਾਕਰਨ ਅਫਸਰ ਡਾ. ਮੰਜੂ ਬਾਂਸਲ ਅਤੇ ਵਿਸ਼ਵ ਸਿਹਤ ਸੰਸਥਾ ਦੇ ਸਰਵੇਲੈਂਸ ਮੈਡੀਕਲ ਅਫਸਰ ਡਾ ਵਿਕਰਮ ਗੁਪਤਾ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਕੇ ਕੀਤੀ। ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਾ. ਮੰਜੂ ਬਾਂਸਲ ਨੇ ਕਿਹਾ ਕਿ ਪੋਲੀਓ ਇਕ ਜਾਨਲੇਵਾ ਬਿਮਾਰੀ ਹੈ ਜੋ ਪੋਲੀਓ ਵਾਇਰਸ ਵਜੋਂ ਜਾਣੇ ਜਾਂਦੇ ਇਕ ਵਾਇਰਸ ਕਾਰਨ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਤੇ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ। ਡਾ. ਵਿਕਰਮ ਗੁਪਤਾ ਨੇ ਕਿਹਾ ਕਿ ਪੋਲੀਓ ’ਤੇ ਜਿੱਤ ਬਰਕਰਾਰ ਰੱਖਣ ਲਈ ਸਾਨੂੰ ਅਜੇ ਵੀ ਪੂਰੀ ਚੌਕਸੀ ਬਰਤਣ ਦੀ ਲੋੜ ਹੈ ਤਾਂ ਜੋ ਸਾਡਾ ਦੇਸ਼ ਪੂਰੀ ਤਰ੍ਹਾਂ ਪੋਲੀਓ ਮੁਕਤ ਬਣਿਆ ਰਹੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਵੱਲੋਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 369 ਬੂਥਾਂ, 15 ਟ੍ਰਾਂਜਿਟ ਪੁਇੰਟ ਅਤੇ 29 ਮੋਬਾਈਲ ਟੀਮਾਂ ਨੇ 51232 ਬੱਚਿਆਂ ’ਚੋਂ 24293 ਬੱਚਿਆਂ ਨੂੰ ਪੋਲੀਓ ਬੰਦੂਾਂ ਪਿਲਾਕੇ 47 ਫ਼ੀਸਦੀ ਟੀਚਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਵਲੋਂ ਭੱਠਿਆਂ, ਝੁੱਗੀਆਂ ਝੌਪੜੀਆਂ, ਪਥੇਰਾ, ਅਨਾਜ ਮੰਡੀਆਂ ਤੇ ਦੂਰ ਦਰਾਡੇ ਦੇ ਏਰੀਏ ਵਿਚ ਤੇ ਬਾਕੀ ਟੀਮਾਂ ਵਲੋਂ ਬੂਥਾਂ ਤੇ ਰਹਿ ਕੇ ਹੀ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਦੀ ਸੁਪਰਵਵੀਜ਼ਨ ਲਈ 66 ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨ ਘਰ ਘਰ ਜਾ ਕੇ ਟੀਮਾਂ ਵਲੋ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਤੇ ਇਸ ਕੰਮ ਲਈ 619 ਟੀਮਾਂ ਦਾ ਗਠਨ ਕੀਤਾ ਗਿਆ ਤੇ ਮੋਬਾਈਲ ਟੀਮਾਂ ਪਹਿਲੇ ਦਿਨ ਵਾਂਗ ਹੀ ਕੰਮ ਕਰਨਗੀਆਂ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਸਤਵਿੰਦਰ ਸਿੰਘ,ਜਿਲਾ ਐਪੀਡਿਮੋਲੋਜਿਸਟ ਡਾ. ਸੰਪਨ ਅਤਰੀ, ਸ਼ੁਭਮ ਸੂਰੀ, ਜ਼ਿਲ੍ਹਾ ਸਮੂਹ ਸਿੱਖਿਆਂ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ,ਅਮਨਪ੍ਰੀਤ ਸਿੰਘ, ਮਪਹਸ ਜਸਵਿੰਦਰ ਕੌਰ, ਮਪਹਵ ਮਨਪ੍ਰੀਤ ਕੌਰ, ਫੈਸਿਲਟੀ ਮੈਨੇਜਰ ਕੁਲਵਿੰਦਰ ਕੌਰ, ਨਰਸਿੰਗ ਵਿਦਿਆਰਥੀ ਤੇ ਹੋਰ ਹਾਜ਼ਰ ਸਨ।