- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰਾਏ ਦੇ ਦਫ਼ਤਰ ਅੱਗੇ ਲਾਇਆ ਧਰਨਾ, ਕੰਧ ’ਤੇ ਚਿਪਕਾਇਆ ਲਾਹਣਤੀ ਪੱਤਰ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਰਹਿੰਦ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫ਼ਤਰ ਮੂਹਰੇ ਸਮੂਹ ਪੰਥਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੇ ਦਫ਼ਤਰ ਦੀ ਕੰਧ ’ਤੇ ਰੋਸ ਪੱਤਰ ਵੀ ਚਿਪਕਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬਾ ਨਸ਼ਿਆਂ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ, ਪਰ ਪੰਜਾਬ ਦੇ 92 ਵਿਧਾਇਕਾਂ ’ਚੋਂ ਕਿਸੇ ਨੇ ਵੀ ਵਿਧਾਨ ਸਭਾ ਅੰਦਰ ਇਸ ਵਿਰੁੱਧ ਆਵਾਜ਼ ਨਹੀਂ ਚੁੱਕੀ, ਇਸ ਲਈ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਜਗਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਇਮਾਨ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ, ਸਿਆਸੀ ਆਗੂਆਂ ਤੇ ਨਸ਼ਾ ਤਸਕਰਾਂ ਦੇ ਗਠਜੋੜ ਕਾਰਨ ਹੀ ਪਰਵਿੰਦਰ ਸਿੰਘ ਝੋਟੇ ਦਾ ਕਤਲ ਹੋਇਆ ਹੈ। ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚੋਂ ਨਸ਼ਾ ਰੋਕਣ ਦੇ ਮਾਮਲੇ ’ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਚੁੱਕੀ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਧਰਮ ਸਿੰਘ ਕਲੌੜ, ਸੀਨੀਅਰ ਭਾਜਪਾ ਆਗੂ ਅਜਾਇਬ ਸਿੰਘ ਜਖਵਾਲੀ,ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਮਰਿੲੰਦਰ ਸਿੰਘ ਲਿਬੜਾ, ਗੁਰਜਿੰਦਰ ਸਿੰਘ ਗੋਜੇਮਾਜਰਾ, ਲਖਵੀਰ ਸਿੰਘ ਸਰਾਣਾ, ਜਗਤਾਰ ਸਿੰਘ ਗੁਨੀਆਮਾਜਰਾ, ਨਰਿੰਦਰ ਸਿੰਘ ਭੋਲਾ ਪੰਜੋਲੀ, ਹਰਵਿੰਦਰ ਸਿੰਘ ਬੱਬਲ ਅਤੇ ਬਚਿੱਤਰ ਸਿੰਘ ਪੰਜੋਲਾ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਦੱਸਿਆ ਕਿ ਵਿਧਾਇਕ ਨੂੰ ਬੀਤੇ ਦਿਨ 10 ਵਾਰ ਫ਼ੋਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਉਨ੍ਹਾਂ ਦੇ ਸਾਥੀ ਨੂੰ ਵੀ ਵਿਧਾਇਕ ਨੂੰ ਦਫ਼ਤਰ ਵਿਚ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ ਤਾਂ ਜੋ ਲੋਕ ਉਨ੍ਹਾਂ ਨੂੰ ਖ਼ੁਦ ਮਿਲ ਕੇ ਲਾਹਣਤੀ ਪੱਤਰ ਸੌਂਪ ਸਕਣ ਅਤੇ ਵਿਧਾਇਕ ਵੀ ਆਪਣਾ ਪੱਖ ਲੋਕਾਂ ਸਾਹਮਣੇ ਰੱਖ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਨੇ ਦਫ਼ਤਰ ਆਉਣ ਦੀ ਬਜਾਏ ਪੁਲਿਸ ਤਾਇਨਾਤ ਕਰ ਦਿੱਤੀ। ਮੌਕੇ ’ਤੇ ਤਹਿਸੀਲਦਾਰ ਪੱਤਰ ਲੈਣ ਆਏ ਸਨ ਪਰ ਪ੍ਰਦਰਸ਼ਨਕਾਰੀਆਂ ਨੇ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਣ ਦੀ ਥਾਂ ਵਿਧਾਇਕ ਦੇ ਦਫ਼ਤਰ ਦੀ ਕੰਧ ਉੱਤੇ ਚਿਪਕਾ ਦਿੱਤਾ। ਇਸ ਧਰਨੇ ਵਿਚ ਵੱਡੀ ਗਿਣਤੀ ’ਚ ਸੰਗਤਾਂ ਅਤੇ ਕਾਰਕੁੰਨਾਂ ਨੇ ਹਿੱਸਾ ਲਿਆ।