- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਵਾਨਾ ਵੱਲੋਂ ਫਿਰੌਤੀ ਮੰਗਣ ਦੇ ਦੋਸ਼ਾਂ ਦਾ ਖੰਡਨ, ਸ਼ਿਕਾਇਤਕਰਤਾ ’ਤੇ ਲਾਇਆ 12.50 ਲੱਖ ਦੀ ਠੱਗੀ ਦਾ ਦੋਸ਼

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸੋਸ਼ਲ ਮੀਡੀਅਰ ’ਤੇ ਸਰਗਰਮ ਬਰਜਿੰਦਰ ਸਿੰਘ ਪ੍ਰਵਾਨਾ ਨੇ ਆਪਣੇ ’ਤੇ ਲੱਗੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਐਸਪੀਡੀ ਨੇ ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਬੁਲਾਇਆ ਸੀ ਕਿਉਂਕਿ ਸਥਾਨਕ ਕਚਹਿਰੀਆਂ ’ਚ ਨਕਸ਼ੇ ਬਣਾਉਣ ਦਾ ਕੰਮ ਕਰਦੇ ਇਕ ਵਿਅਕਤੀ, ਨੇ ਉਨ੍ਹਾਂ ਖ਼ਿਲਾਫ਼ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਸ਼ਿਕਾਇਤ ਦਿੱਤੀ ਹੈ। ਪ੍ਰਵਾਨਾ ਨੇ ਕਿਹਾ ਕਿ ਉਨ੍ਹਾਂ ਕੋਲ ਉਕ ਵਿਅਕਤੀ ਨਾਲ ਹੋਈ ਗੱਲਬਾਤ ਦੀ 6 ਮਿੰਟ ਦੀ ਰਿਕਾਰਡਿੰਗ ਮੌਜੂਦ ਹੈ, ਜਿਸ ’ਚ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਪ੍ਰਵਾਨਾ ਨੇ ਪੁਲਿਸ ਪ੍ਰਸ਼ਾਸਨ ਤੇ ਐਮਐਲਏ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਫਿਰੌਤੀ ਮੰਗੀ ਹੈ ਤਾਂ ਉਨ੍ਹਾਂ ਨੂੰ ਕਚਹਿਰੀਆਂ ’ਚ ਫਾਂਸੀ ਲਗਾ ਦਿੱਤੀ ਜਾਵੇ ਜਾਂ ਗੋਲੀ ਮਾਰ ਦਿੱਤੀ ਜਾਵੇ। ਇਸ ਦੇ ਉਲਟ ਉਨ੍ਹਾਂ ਨੇ ਸ਼ਿਕਾਇਤਕਰਤ ’ਤੇ ਇੱਕ ਹੋਰ ਨੌਜਵਾਨ ਨਾਲ 12.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਲੰਬੇ ਸਮੇਂ ਤੋਂ ਠੱਗੀਆਂ ਮਾਰ ਰਿਹਾ ਹੈ। ਪ੍ਰਵਾਨਾ ਨੇ ਚਿਤਾਵਨੀ ਦਿੱਤੀ ਕਿ 29 ਜੁਲਾਈ ਦਿਨ ਬੁੱਧਵਾਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਐੱਸਐੱਸਪੀ ਅਤੇ ਪੁਲਿਸ ਨੂੰ ਬੁੱਧਵਾਰ ਤਕ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਉਹ ਕਸੂਰਵਾਰ ਹਨ ਤਾਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ 29 ਜੁਲਾਈ ਨੂੰ ਉਕਤ ਵਿਅਕਤੀ ਖ਼ਿਲਾਫ਼ 12.50 ਲੱਖ ਰੁਪਏ ਦੀ ਠੱਗੀ ਦੇ ਸਾਰੇ ਸਬੂਤ ਅਤੇ ਵੀਡੀਓਜ਼ ਪੁਲਿਸ ਨੂੰ ਸੌਂਪ ਕੇ ਮਾਮਲਾ ਦਰਜ ਕਰਨ ਦੀ ਮੰਗ ਕਰਨਗੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੱਗੀਆਂ ਮਾਰਨ ਵਾਲੇ ਇਸ ਵਿਅਕਤੀ ਦਾ ਦਫ਼ਤਰ ਬੰਦ ਕਰਵਾਇਆ ਜਾਵੇ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।