ਚੋਣਾਂ ਨੂੰ ਦੇਖਦਿਆਂ ਰੇਤ ਦੀਆਂ ਕੰਧਾਂ ਉਸਾਰ ਰਹੀਆਂ ਨੇ ਸਿਆਸੀ ਪਾਰਟੀਆਂ : ਪੰਜੋਲੀ
ਚੋਣਾਂ ਨੂੰ ਦੇਖਦਿਆਂ ਰੇਤ ਦੀਆਂ ਕੰਧਾਂ ਉਸਾਰ ਰਹੀਆਂ ਨੇ ਸਿਆਸੀ ਪਾਰਟੀਆਂ : ਪੰਜੋਲੀ
Publish Date: Thu, 26 Mar 2026 06:06 PM (IST)
Updated Date: Thu, 26 Mar 2026 06:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਝੂਠ ਉੱਤੇ ਖੜ੍ਹੀਆਂ ਰੇਤ ਦੀਆਂ ਕੰਧਾਂ ਵਾਲਾ ਰਾਜਨੀਤਕ ਕਿਲ੍ਹਾ ਉਸਾਰਨ ਦੀ ਦੌੜ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਪੰਥਕ ਧਿਰ ਨੂੰ ਸੱਚ ਦੇ ਸਿਧਾਂਤ ਉੱਤੇ ਖੜ੍ਹੀ ਸੱਚੀ ਰਾਜਨੀਤੀ ਦਾ ਕਿਲਾ ਉਸਾਰਨ ਲਈ ਅੱਗੇ ਆਉਣਾ ਚਾਹੀਦਾ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਕ ਬਿਆਨ ਵਿਚ ਕਿਹਾ ਕਿ ਵੋਟਾਂ ਇਕੱਠੀਆਂ ਕਰਨ ਲਈ ਲੋਕ ਲਭਾਊ ਸਕੀਮਾਂ ਦੇ ਐਲਾਨ ਨਿਰਾ ਧੋਖਾ ਹਨ ਕਿਉਂਕਿ ਇਹ ਸਭ ਜੁਮਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ ਹੈ ਤਾਂ ਇਹ ਸਕੀਮਾਂ ਕਿਵੇਂ ਲਾਗੂ ਹੋਣਗੀਆਂ ਇਸ ਬਾਰੇ ਕੋਈ ਲੀਡਰ ਸਪੱਸ਼ਟ ਨਹੀਂ ਦੱਸ ਰਿਹਾ। ਪੰਜੋਲੀ ਨੇ ਇੱਕ ਸਿਆਸੀ ਆਗੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਦਿਨ ਰਾਤ ਕੁਰਸੀ ਲਈ ਰੋ ਰਿਹਾ ਹੈ ਜਦਕਿ ਉਸ ਨੂੰ ਖੁਦ ਪਤਾ ਹੈ ਕਿ 2027 ’ਚ ਵੀ ਉਸ ਨੂੰ ਕੁਰਸੀ ਨਹੀਂ ਮਿਲਣੀ। ਫਿਰ ਵੀ ਉਹ ਰੋਜ਼ਾਨਾ ਨਵੀਆਂ ਮੁਫ਼ਤ ਯੋਜਨਾਵਾਂ ਦੇ ਐਲਾਨ ਕਰ ਰਿਹਾ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਪੀਲ ਕੀਤੀ ਕਿ ਪੰਜਾਬ ਵਿਚ ਪੰਥਕ ਧਿਰ ਨੂੰ ਸੱਚ ਦੀ ਰਾਜਨੀਤੀ ਅਪਣਾਉਣੀ ਚਾਹੀਦੀ ਹੈ ਜਿਸ ਦਾ ਮੁੱਖ ਏਜੰਡਾ ‘ਬੇਗਮਪੁਰਾ’ ਦੇ ਰਾਜ ਵਰਗਾ ਹੋਵੇ। ਉਨ੍ਹਾਂ ਕਿਹਾ ਕਿ ਇਸ ਰਾਹ ਵਿੱਚ ਮੁਸ਼ਕਲਾਂ ਤਾਂ ਹਨ ਪਰ ਪੰਜਾਬ ਵਿੱਚੋਂ 117 ਸਚਿਆਰ ਸਿੱਖ ਲੱਭਣਾ ਔਖਾ ਨਹੀਂ ਜੋ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੋ ਕੇ ਚੋਣਾਂ ਲੜ ਸਕਣ। ਉਨ੍ਹਾਂ ਪੰਥਕ ਰਾਜਨੀਤੀ ਨੂੰ ਮੁੜ ਖੜ੍ਹਾ ਕਰਨ ਲਈ ਗੁਰਮਤਿ ਵਿੱਚ ਲਬਰੇਜ ਅਕਾਲੀਆਂ ਨੂੰ ਲੱਕ ਬੰਨ੍ਹ ਕੇ ਸਿਦਕੀ ਸਫ਼ਰ ਉੱਤੇ ਤੁਰਨ ਦੀ ਅਪੀਲ ਕੀਤੀ।