- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ ਐਡਵੋਕੇਟ ਸੁਤੰਤਰਦੀਪ ਸਿੰਘ ਬਡਗੁਜਰਾਂ ਨੂੰ ਹਾਊਸ ਅਰੈਸਟ ਕਰਨ ਦਾ ਦੋਸ਼

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਐਡਵੋਕੇਟ ਸੁਤੰਤਰਦੀਪ ਸਿੰਘ ਬਡਗੁਜਰਾਂ ਨੂੰ ਘਰ ’ਚ ਨਜ਼ਰਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਸ ਲਈ ਹਾਊਸ ਅਰੈਸਟ ਕੀਤਾ ਹੈ ਤਾਂ ਜੋ ਭਾਈ ਕੇਹਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਮੁਸਤਫਾਬਾਦ ਦੇ ਚੋਣ ਦਫ਼ਤਰ ਦਾ ਉਦਘਾਟਨ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਚੋਣ ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ’ਚ ਸ਼ਿਰਕਤ ਕਰਨ ਤੋਂ ਰੋਕਣ ਲਈ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਉਨ੍ਹਾਂ ਦੇ ਘਰਾਂ ’ਚ ਹਾਊਸ ਅਰੇਸਟ ਕੀਤਾ ਗਿਆ ਹੈ, ਜਿਸ ਕਾਰਨ ਪ੍ਰੋਗਰਾਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਲੋਕਤੰਤਰ ’ਚ ਸ਼ਾਂਤੀਪੂਰਨ ਰਾਜਨੀਤਿਕ ਅਤੇ ਧਾਰਮਿਕ ਸਮਾਗਮਾਂ ’ਚ ਹਿੱਸਾ ਲੈਣ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ’ਚ ਸਪੱਸ਼ਟੀਕਰਨ ਦੇਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ, ਸੰਜਮ ਅਤੇ ਕਾਨੂੰਨੀ ਦਾਇਰੇ ’ਚ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਆਖਿਆ ਕਿ ਇਸ ਦਾ ਜਵਾਬ ਲੋਕਤੰਤਰੀ ਢੰਗ ਨਾਲ ਲੋਕਾਂ ਦੀ ਅਦਾਲਤ ’ਚ ਵੋਟ ਦੀ ਤਾਕਤ ਨਾਲ ਦਿੱਤਾ ਜਾਵੇਗਾ।