ਲੋਕਾਂ ਨੇ ਪ੍ਰਦੂਸ਼ਣ ਖ਼ਿਲਾਫ਼ ਫ਼ੈਕਟਰੀਆਂ ਅੱਗੇ ਕੀਤਾ ਰੋਸ ਪ੍ਰਦਰਸ਼ਨ ਮੁਗਲ ਮਾਜਰਾ ’ਚ ਫੁੱਟਿਆ ਲੋਕਾਂ ਦਾ ਗੁੱਸਾ, ਪ੍ਰਦੂਸ਼ਣ ਖ਼ਿਲਾਫ਼ ਫ਼ੈਕਟਰੀਆਂ ਅੱਗੇ ਕੀਤਾ ਰੋਸ਼ ਪ੍ਰਦਰਸ਼ਨ
Publish Date: Mon, 27 Jul 2026 04:47 PM (IST)
Updated Date: Mon, 27 Jul 2026 04:49 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੀ ਹੱਦ ਨਾਲ ਲੱਗਦੇ ਪਿੰਡ ਮੁਗਲ ਮਾਜਰਾ ਵਿਚ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਫੈਕਟਰੀਆਂ ਅੱਗੇ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਿੰਡ ਬਚਾਓ ਸੰਘਰਸ਼ ਕਮੇਟੀ ਮੁਗਲ ਮਾਜਰਾ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਫੈਕਟਰੀਆਂ ਦੇ ਕਾਰਨ ਪਿੰਡ ਦਾ ਪਾਣੀ ਤੇ ਆਬੋ ਹਵਾ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੀ ਹੈ, ਜਿਸ ਦੇ ਚਲਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲਗਭਗ 10 ਸਾਲਾਂ ਤੋਂ ਇਨ੍ਹਾਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਦੇ ਖ਼ਿਲਾਫ਼ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅੱਗੇ ਗੁਹਾਰ ਲਗਾ ਚੁੱਕੇ ਹਨ, ਪਰ ਅਜੇ ਵੀ ਸਥਿਤੀ ਢੱਕ ਦੇ ਤਿੰਨ ਪਾਤ ਵਾਲੀ ਹੀ ਬਣੀ ਹੋਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਅਣਦੇਖੀ ਤੋਂ ਤੰਗ ਆ ਕੇ ਹੀ ਪਿੰਡ ਵਾਸੀਆਂ ਨੂੰ ਇਹ ਸੰਘਰਸ਼ ਦਾ ਰਸਤਾ ਚੁਣਨਾ ਪਿਆ ਹੈ। ਜ਼ਿਕਰਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਸੀਮਾ ’ਤੇ ਸਥਿਤ ਹੋਣ ਕਾਰਨ ਪਿੰਡ ਮੁਗਲ ਮਾਜਰਾ ਚਾਰੇ ਪਾਸਿਓਂ ਉਦਯੋਗਿਕ ਯੂਨਿਟਾਂ ਨਾਲ ਘਿਰਿਆ ਹੋਇਆ ਹੈ। ਲਗਾਤਾਰ ਉਗਲ ਰਹੇ ਧੂਏਂ ਅਤੇ ਕੈਮੀਕਲ ਯੁਕਤ ਪ੍ਰਦੂਸ਼ਿਤ ਪਾਣੀ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਵਿੱਢੀ ਗਈ ਇਸ ਵੱਡੀ ਮੁਹਿੰਮ ਨੂੰ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਸੰਸਥਾਵਾਂ ਦਾ ਵੀ ਪੂਰਾ ਸਮਰਥਨ ਮਿਲ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਸੰਘਰਸ਼ ਹੁਣ ਕਿਸੇ ਨਤੀਜੇ ’ਤੇ ਪਹੁੰਚ ਕੇ ਹੀ ਖ਼ਤਮ ਹੋਵੇਗਾ। ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇ ਸਮਾਂ ਰਹਿੰਦੇ ਇਨ੍ਹਾਂ ਫੈਕਟਰੀਆਂ ਦੇ ਖ਼ਿਲਾਫ਼ ਠੋਸ ਕਾਰਵਾਈ ਨਾ ਕੀਤੀ ਗਈ, ਤਾਂ ਉਹ ਜਲਦ ਹੀ ਜੀਟੀ ਰੋਡ ਜਾਮ ਕਰਨਗੇ ਅਤੇ ਹਾਈਕੋਰਟ ਦੀ ਸ਼ਰਨ ਵਿਚ ਜਾਣ ਤੋਂ ਵੀ ਦੇਰੀ ਨਹੀਂ ਕਰਨਗੇ। ਇਸ ਪ੍ਰਦਰਸ਼ਨ ਦੌਰਾਨ ਕਮੇਟੀ ਪ੍ਰਧਾਨ ਲਖਵਿੰਦਰ ਸਿੰਘ ਨਾਗਰਾ, ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ, ਜਨਰਲ ਸਕੱਤਰ ਮਨਜੀਤ ਸਿੰਘ ਤਤਲਾ ਤੇ ਲਖਵਿੰਦਰ ਸਿੰਘ ਸੰਧੂ, ਖਜ਼ਾਨਚੀ ਕੁਲਵਿੰਦਰ ਸਿੰਘ ਤੇ ਰਾਜਨਬੀਰ ਸਿੰਘ, ਪ੍ਰੈੱਸ ਸਕੱਤਰ ਹਰਵਿੰਦਰ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਝਿਰਮਲ ਸਿੰਘ, ਰਛਪਾਲ ਸਿੰਘ, ਦੀਦਾਰ ਸਿੰਘ, ਜਤਿੰਦਰ ਸਿੰਘ, ਨਿਰਪਾਲ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।