- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਰੋਡ ਵਾਲਾ ਡਾਕਘਰ ਤਬਦੀਲ ਕਰਨ ਦੇ ਫ਼ੈਸਲੇ ਖ਼ਿਲਾਫ਼ ਲੋਕਾਂ ਨੇ ਲਗਾਇਆ ਧਰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਾਕ ਵਿਭਾਗ ਵੱਲੋਂ ਰੇਲਵੇ ਰੋਡ ਸਥਿਤ ਡਾਕਘਰ ਨੂੰ ਸਰਹਿੰਦ ਮੰਡੀ ਦੇ ਮੁੱਖ ਡਾਕਘਰ ’ਚ ਮਿਲਾਉਣ ਦੇ ਵਿਰੋਧ ’ਚ ਹੁਮਾਯੂੰਪੁਰ ਦੇ ਸੀਨੀਅਰ ਸਿਟੀਜ਼ਨਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਡਾਕਘਰ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਫਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਵਿੱਕੀ ਰਾਏ ਨੇ ਕਿਹਾ ਕਿ ਇਹ ਡਾਕਘਰ ਪਿਛਲੇ 40-45 ਸਾਲਾਂ ਤੋਂ ਰੇਲਵੇ ਰੋਡ ਹੁਮਾਯੂੰਪੁਰ, ਸਾਨੀਪੁਰ ਸਮੇਤ ਕਰੀਬ 15 ਪਿੰਡਾਂ ਨੂੰ ਸਹੂਲਤਾਂ ਦੇ ਰਿਹਾ ਹੈ। ਡਾਕ ਵਿਭਾਗ ਵੱਲੋਂ ਆਪਣੇ 100 ਸਾਲਾ ਸਥਾਪਨਾ ਵਰ੍ਹੇ ਦੌਰਾਨ ਚੱਲਦੇ ਡਾਕਘਰ ਨੂੰ ਸ਼ਿਫ਼ਟ ਕਰਕੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਕਿਹਾ ਕਿ ਇਸ ਡਾਕਘਰ ਰਾਹੀਂ ਲੋਕ ਵੱਡੀ ਗਿਣਤੀ ’ਚ ਵਿਦੇਸ਼ਾਂ ਨੂੰ ਪਾਰਸਲ ਭੇਜਦੇ ਹਨ ਅਤੇ ਬੱਚਤ ਖਾਤਿਆਂ ਦਾ ਸੰਚਾਲਨ ਕਰਦੇ ਹਨ। ਡਾਕਘਰ ਤਬਦੀਲ ਹੋਣ ਨਾਲ ਲੋਕਾਂ ਨੂੰ ਰੇਲਵੇ ਪੁਲ ਪਾਰ ਕਰਕੇ ਜਾਣਾ ਪਵੇਗਾ, ਜਿੱਥੇ ਪਾਰਕਿੰਗ ਦੀ ਘਾਟ ਕਾਰਨ ਭਾਰੀ ਪ੍ਰੇਸ਼ਾਨੀ ਹੋਵੇਗੀ ਅਤੇ ਛੋਟੀਆਂ ਬੱਚਤਾਂ ਕਰਵਾਉਣ ਵਾਲੇ ਏਜੰਟਾਂ ਦਾ ਕੰਮ-ਕਾਰ ਵੀ ਪ੍ਰਭਾਵਿਤ ਹੋਵੇਗਾ। ਇਸ ਮੌਕੇ ਹੰਸਰਾਜ, ਮੋਹਿਤ ਸੂਦ, ਬਲਦੇਵ ਸਿੰਘ, ਧਰਮਪਾਲ, ਮਨੋਜ ਬਿੰਬਰਾ, ਯੋਗੇਸ਼ ਬਿੰਬਰਾ, ਗੁਲਸ਼ਨ ਰਾਏ ਬੌਬੀ, ਇੰਦਰਪ੍ਰੀਤ ਬਖ਼ਸ਼ੀ, ਬਲਵੰਤ ਸਿੰਘ ਗੋਗੀ ਅਤੇ ਸਪਨਾ ਸੂਦ ਨੇ ਮੰਗ ਕੀਤੀ ਕਿ ਡਾਕ ਵਿਭਾਗ ਦੇ ਉੱਚ ਅਧਿਕਾਰੀ ਇਸ ਫ਼ੈਸਲੇ ’ਤੇ ਮੁੜ ਗ਼ੌਰ ਕਰਕੇ ਡਾਕਘਰ ਨੂੰ ਇੱਥੇ ਹੀ ਬਰਕਰਾਰ ਰੱਖਣ।