
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਗਵਾਨਪੁਰਾ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

ਗਰਗ, ਪੰਜਾਬੀ ਜਾਗਰਣ, ਅਮਲੋਹ : ਨਾਭਾ-ਅਮਲੋਹ ਰੋਡ ਤੋਂ ਬੱਸ ਸਟੈਂਡ ਨੂਰਪੁਰਾ ਦੇ ਨਜ਼ਦੀਕ ਪਿੰਡ ਭਗਵਾਨਪੁਰਾ ਨੂੰ ਜਾਂਦੀ ਲਿੰਕ ਸੜਕ ਦੀ ਖਸਤਾ ਹਾਲਤ ਅਤੇ ਅਧੂਰੇ ਪਏ ਨਿਰਮਾਣ ਕਾਰਨ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਕਰੀਬ 10-12 ਪਿੰਡਾਂ ਨੂੰ ਆਪਸ ’ਚ ਜੋੜਦੀ ਹੋਈ ਇਤਿਹਾਸਕ ਨਗਰੀ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਮਿਲਾਉਂਦੀ ਹੈ, ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਰਕਾਰ, ਸਬੰਧਤ ਪ੍ਰਸ਼ਾਸਨ ਤੇ ਠੇਕੇਦਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਇੱਕ ਹਿੱਸੇ ਨੂੰ ਕਰੀਬ 6 ਮਹੀਨੇ ਪਹਿਲਾਂ ਠੇਕੇਦਾਰ ਵੱਲੋਂ ਪੁੱਟਿਆ ਗਿਆ ਸੀ, ਪਰ ਹਾਲੇ ਤੱਕ ਪ੍ਰੀਮਿਕਸ ਨਹੀਂ ਪਾਈ ਗਈ। ਹੁਣ ਪਿਛਲੇ 2 ਦਿਨਾਂ ਤੋਂ ਸੜਕ ਦੇ ਬਾਕੀ ਹਿੱਸੇ ਨੂੰ ਵੀ ਪੁੱਟ ਦਿੱਤਾ ਗਿਆ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਗਈ ਹੈ। ਸੜਕ ’ਤੇ ਖਿੱਲਰੇ ਵੱਡੇ ਪੱਥਰ ਅਤੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਤੇਜ਼ ਰਫ਼ਤਾਰ ਵਾਹਨਾਂ ਦੇ ਟਾਇਰਾਂ ਹੇਠੋਂ ਉੱਛਲਦੇ ਪੱਥਰ ਰਾਹਗੀਰਾਂ ਨੂੰ ਜ਼ਖ਼ਮੀ ਕਰ ਰਹੇ ਹਨ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਰਸਤਾ ਬੇਹੱਦ ਖ਼ਤਰਨਾਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਦੇ ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਬੁਨਿਆਦੀ ਸੜਕਾਂ ਲਈ ਵੀ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਗਵਾਨਪੁਰਾ ਲਿੰਕ ਸੜਕ ’ਤੇ ਤੁਰੰਤ ਪ੍ਰੀਮਿਕਸ ਪਾ ਕੇ ਇਸ ਨੂੰ ਆਵਾਜਾਈ ਯੋਗ ਬਣਾਇਆ ਜਾਵੇ। ਇਸ ਦੇ ਨਾਲ ਹੀ ਸਬੰਧਤ ਠੇਕੇਦਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਸ ਨੂੰ ਪਾਬੰਦ ਕੀਤਾ ਜਾਵੇ ਕਿ ਇੱਕ ਪ੍ਰਾਜੈਕਟ ਮੁਕੰਮਲ ਕੀਤੇ ਬਿਨਾਂ ਦੂਜਾ ਕੰਮ ਨਾ ਛੇੜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸੜਕ ਦਾ ਕੰਮ ਜਲਦ ਮੁਕੰਮਲ ਨਾ ਕਰਵਾਇਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ।