ਲੋਕ ਤੇ ਦੁਕਾਨਦਾਰ ਭਿਖਾਰੀਆਂ ਤੋਂ ਪਰੇਸ਼ਾਨ
ਲੋਕ ਤੇ ਦੁਕਾਨਦਾਰ ਭਿਖਾਰੀਆਂ ਤੋਂ ਪਰੇਸ਼ਾਨ
Publish Date: Wed, 25 Feb 2026 06:16 PM (IST)
Updated Date: Wed, 25 Feb 2026 06:19 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਪਰੇਸ਼ਾਨ ਦੁਕਾਨਦਾਰਾਂ ਨੇ ਗੋਲ ਮਾਰਕੀਟ ਦੁਕਾਨਦਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਕਪਤਾਨ ਸ਼ੁਭਮ ਅਗਰਵਾਲ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਮੰਡੀ ਗੋਬਿੰਦਗੜ੍ਹ ਵਿਚ ਘੁੰਮਦੇ ਭਿਖਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਡਾ. ਅਮਿਤ ਸੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਹਾ ਨਗਰੀ ਵਿਚ ਭਿਖਾਰੀਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਹ ਭਿਖਾਰੀ ਨਾ ਸਿਰਫ਼ ਦੁਕਾਨਦਾਰਾਂ ਨੂੰ ਸਗੋਂ ਗਾਹਕਾਂ ਨੂੰ ਵੀ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਵੀ ਭਿਖਾਰੀਆਂ ਨੂੰ ਭੀਖ ਦੇਣ ਤੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜੇ ਦੁਕਾਨਦਾਰ ਇਨ੍ਹਾਂ ਭਿਖਾਰੀਆਂ ਨੂੰ ਕੁੱਝ ਕਹਿੰਦੇ ਹਨ, ਤਾਂ ਉਹ ਲੜਨ ਲਈ ਤਿਆਰ ਹੋ ਜਾਂਦੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਭਿਖਾਰੀਆਂ ’ਤੇ ਸਖ਼ਤ ਕਾਰਵਾਈ ਕਰੇ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸੇ ਵੀ ਭਿਖਾਰੀ ਨੂੰ ਭੀਖ ਨਾ ਦੇਣ। ਉਨ੍ਹਾਂ ਦੱਸਿਆ ਕਿ ਗੋਲ ਮਾਰਕੀਟ ਦੁਕਾਨਦਾਰ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਵੱਲੋਂ ਭਿਖਾਰੀਆਂ ਨੂੰ ਭੀਖ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਐੱਸਐੱਸਪੀ ਨੂੰ ਇਹ ਦੱਸਿਆ ਕਿ ਇਹ ਭਿਖਾਰੀ ਦਿਨ ਵਿਚ ਭੀਖ ਮੰਗਣ ਦੇ ਬਹਾਨੇ ਰੇਕੀ ਵੀ ਕਰਦੇ ਹਨ ਜੋ ਬਾਅਦ ਵਿਚ ਅਪਰਾਧਿਕ ਘਟਨਾ ਨੂੰ ਅੰਜਾਮ ਦਿੰਦੇ ਹਨ। ਇਸ ਮੌਕੇ ਪ੍ਰਧਾਨ ਨਰਿੰਦਰ ਭਾਟੀਆ, ਜਨਰਲ ਸਕੱਤਰ ਡਾ. ਅਮਿਤ ਸੰਦਲ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਕੌਂਸਲਰ ਪੁਨੀਤ ਗੋਇਲ, ਉਦਯੋਗਪਤੀ ਹੇਮੰਤ ਬੱਤਾ, ਮੁਕੇਸ਼ ਘਈ, ਸੁਮਿਤ ਗਰਗ ਤੇ ਹੋਰ ਮੌਜ਼ੂਦ ਸਨ।