- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਰੈਵਨਿਊ ਪਟਵਾਰ ਯੂਨੀਅਨ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਦਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ਼ ਇਕ ਰੋਸ ਧਰਨਾ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਦਿੱਤਾ ਗਿਆ। ਧਰਨੇ ਵਿਚ ਸਮੂਹ ਜ਼ਿਲ੍ਹਾ ਪਟਵਾਰੀ, ਤਹਿਸੀਲਾਂ ਦੇ ਨਵੇਂ ਤੇ ਪੁਰਾਣੇ ਅਹੁਦੇਦਾਰ ਸਾਥੀ, ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਸ਼ਾਮਲ ਹੋਏ। ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ, ਵਿੱਤ ਕਮਿਸ਼ਨਰ ਮਾਲ ਪੰਜਾਬ, ਡਾਇਰੈਕਟਰ ਭੂ-ਰਿਕਾਰਡ ਪੰਜਾਬ, ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਅਤੇ ਹਲਕਾ ਐਮਐਲਏ ਦੇ ਧਿਆਨ ਵਿਚ ਇਹ ਅਹਿਮ ਮੁੱਦਾ ਮਿਤੀ 18 ਅਗਸਤ ਨੂੰ ਲਿਆਇਆ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਅਹੁਦੇਦਾਰ ਜਿਵੇਂ ਪ੍ਰਧਾਨ ਹਰਿੰਦਰ ਸਿੰਘ ਚਨਾਰਥਲ ਖੁਰਦ ਭਾਰਤੀ ਕ੍ਰਾਂਤੀਕਾਰੀ ਯੂਨੀਅਨ, ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸੂਬਾ ਪ੍ਰਧਾਨ ਦਲਬੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪ੍ਰਧਾਨ ਲਖਵੀਰ ਸਿੰਘ ਭੱਟੀ ਪੀਐਸਐਮਯੂ, ਪ੍ਰਧਾਨ ਮਨਦੀਪ ਸਿੰਘ ਜਿੰਮੀ ਪੀਡਬਲਿਯੂਡੀ ਇੰਪਲਾਈਜ਼ ਯੂਨੀਅਨ, ਬਲਵੀਰ ਸਿੰਘ ਰਿਟਾਇਰਡ ਪਟਵਾਰੀ, ਸੁਖਵਿੰਦਰ ਸਿੰਘ ਰਿਟਾਇਰਡ ਕਾਨੂੰਗੋ, ਡਿੰਪਲ ਗਰਗ ਅਤੇ ਸਿਧਾਰਥ ਸੰਧੂ ਪਟਵਾਰੀ ਜ਼ਿਲ੍ਹਾ ਪਟਿਆਲਾ ਅਤੇ ਮੌਜੂਦਾ ਪਟਵਾਰੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਰਨਦੀਪ ਸਿੰਘ ਸਟੇਜ ਸਕੱਤਰ, ਜਗਪ੍ਰੀਤ ਸਿੰਘ, ਸਿਮਰਨਜੀਤ ਕੌਰ, ਤੇਜਪਾਲ ਸਰਾਓ, ਗੁਰਪ੍ਰੀਤ ਸਿੰਘ, ਅਮ੍ਰਿਤ ਸਿੰਘ ਆਦਿ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਆਗੂ ਵੀ ਵਿਸ਼ੇਸ਼ ਤੌਰ ‘ਤੇ ਧਰਨੇ ’ਚ ਸ਼ਾਮਲ ਹੋਏ। ਰੋਸ ਧਰਨਾ ਦੌਰਾਨ ਅਹੁਦੇਦਾਰ ਸਾਥੀਆਂ ਵੱਲੋਂ ਆਪਣੀਆਂ ਤਹਿਸੀਲਾਂ ਨਾਲ ਸੰਬੰਧਤ ਮੁੱਦੇ ਰੱਖੇ ਗਏ। ਇਸ ਰੋਸ ਧਰਨੇ ਦੀਆਂ ਦੋ ਮੁੱਖ ਮੰਗਾਂ ਸਨ ਕਿ ਪ੍ਰੀਤਇੰਦਰ ਸਿੰਘ ਪਟਵਾਰੀ ਦੀ ਬਦਲੀ ਐਸਬੀਐਸ ਨਗਰ ਤੋਂ ਫਤਹਿਗੜ੍ਹ ਸਾਹਿਬ ਕੀਤੀ ਜਾਵੇ ਤੇ ਤਹਿਸੀਲ ਫਤਹਿਗੜ੍ਹ ਸਾਹਿਬ ਦੇ 175 ਪਿੰਡਾਂ ਦਾ ਅਹਿਮ ਰਿਕਾਰਡ (1887 ਤੋਂ ਅੱਜ ਤੱਕ) ਜੋ ਪੀਡਬਲਿਯੂਡੀ ਵੱਲੋਂ ਨਕਾਰਾ ਹੋਈ ਇਮਾਰਤ ਵਿੱਚ ਰੱਖਿਆ ਗਿਆ ਹੈ, ਉਸ ਨੂੰ ਨਵੀਂ ਬਣੀ ਤਹਿਸੀਲ ਕੰਪਲੈਕਸ ਵਿਚ ਸ਼ਿਫਟ ਕੀਤਾ ਜਾਵੇ। ਧਰਨੇ ਵਿੱਚ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਨੂੰ ਇਕ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ। ਜੇਕਰ ਇਸ ਸਮੇਂ ਅੰਦਰ ਦੋਵੇਂ ਜਾਇਜ਼ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮਿਤੀ 9 ਅਕਤੂਬਰ ਨੂੰ ਮੀਟਿੰਗ ਕਰਕੇ ਕੁਦਰਤੀ ਆਫ਼ਤ ਜਾਂ ਐਮਰਜੈਂਸੀ ਦੇ ਕੰਮ ਤੋਂ ਇਲਾਵਾ ਵਾਧੂ ਪਟਵਾਰ ਸਰਕਲਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਕੀਤੀ ਜਾਵੇਗੀ।