ਨੰਬਰਦਾਰ ਯੂਨੀਅਨ ਨੇ ਸਰਕਾਰ ਤੋਂ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ
ਨੰਬਰਦਾਰ ਯੂਨੀਅਨ ਨੇ ਸਰਕਾਰ ਤੋਂ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ
Publish Date: Fri, 03 Apr 2026 07:25 PM (IST)
Updated Date: Fri, 03 Apr 2026 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨੰਬਰਦਾਰ ਯੂਨੀਅਨ ਰਜਿਸਟਰਡ 643 ਪੰਜਾਬ ਦੀ ਸਰਕਲ ਚੁੰਨ੍ਹੀ ਕਲਾਂ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਬਲਜੀਤ ਸਿੰਘ ਨੰਬਰਦਾਰ ਚੁੰਨ੍ਹੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ’ਤੇ ਪੰਜਾਬ ਵਾਸੀਆਂ ਤੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕੀਤੇ ਜਾਣ। ਇਸ ਵਿਚ ਨੰਬਰਦਾਰਾਂ ਦਾ ਮਾਣ ਭੱਤਾ ਦੁਗਣਾ ਕਰਨਾ ਅਤੇ ਨੰਬਰਦਾਰੀ ਜੱਦੀ-ਪੁਸ਼ਤੀ ਕਰਨਾ ਸ਼ਾਮਲ ਹੈ ਤਾਂ ਜੋ ਨੰਬਰਦਾਰ ਦੀ ਮੌਤ ਉਪਰੰਤ ਪਿੰਡ ਵਿਚ ਪਾਰਟੀਬਾਜ਼ੀ ਨਾ ਵਧੇ। ਉਨ੍ਹਾਂ ਨੰਬਰਦਾਰਾਂ ਦਾ ਰੁਕਿਆ ਹੋਇਆ ਮਾਣ ਭੱਤਾ ਤੁਰੰਤ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਦੀ ਮੰਗ ਵੀ ਕੀਤੀ। ਪੰਜਾਬ ਨੰਬਰਦਾਰ ਯੂਨੀਅਨ ਨੇ ਸਰਕਾਰ ਵੱਲੋਂ ਵਾਅਦਿਆਂ ਨੂੰ ਨਾ ਪੂਰਾ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਯੂਨੀਅਨ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਹਾੜ੍ਹੀ ਫਸਲ ਨੂੰ ਧਿਆਨ ਵਿਚ ਰੱਖਦਿਆਂ ਬਿਜਲੀ ਟਰਾਂਸਫਾਰਮਰਾਂ ਤੋਂ ਘੱਟੋ ਘੱਟ ਪੰਜ ਫੁੱਟ ਖਾਲੀ ਏਰੀਆ ਰੱਖਿਆ ਜਾਵੇ ਅਤੇ ਨੀਵੀਆਂ ਤਾਰਾਂ ਉੱਚੀਆਂ ਚੁੱਕੀਆਂ ਜਾਣ। ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਪਿੰਡਾਂ ਵਿਚ ਵਧਦੀਆਂ ਲੁੱਟਾਂ-ਖੋਹਾਂ, ਨਸ਼ਾ ਤੇ ਲੜਾਈ ਝਗੜਿਆਂ ਉੱਤੇ ਰੋਕ ਲਗਾਈ ਜਾਵੇ। ਝਾਮਪੁਰ, ਬਰਾਸ ਤੇ ਬਡਾਲੀ ਆਲਾ ਸਿੰਘ ਵਿਖੇ ਹੋਈਆਂ ਮੱਝਾਂ ਚੋਰੀਆਂ ਉੱਤੇ ਤੁਰੰਤ ਠੱਲ੍ਹ ਪਾਈ ਜਾਵੇ। ਇਸ ਮੌਕੇ ਕੁਲਵੰਤ ਸਿੰਘ ਝਾਮਪੁਰ, ਹਰਬੰਸ ਸਿੰਘ ਨੰਬਰਦਾਰ ਈਸ਼ਰਹੇਲ, ਬਲਜੀਤ ਸਿੰਘ ਨੰਬਰਦਾਰ ਚੁੰਨ੍ਹੀ ਕਲਾਂ, ਮੋਹਨ ਸਿੰਘ ਨੰਬਰਦਾਰ ਚੁੰਨ੍ਹੀ ਖੁਰਦ ਆਦਿ ਮੌਜੂਦ ਸਨ। ਫੋਟੋ ਕੈਪਸ਼ਨ :ਮੀਟਿੰਗ ਵਿੱਚ ਮੌਜੂਦ ਨੰਬਰਦਾਰ ਯੂਨੀਅਨ ਦੇ ਆਗੂ।