- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲੂ ਉਤਪਾਦਕਾਂ ਨੂੰ ਡੀਏਪੀ ਨਾ ਮਿਲਣਾ ਚਿੰਤਾਜਨਕ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੇ ਉਲਟ ਅੱਜ ਸੂਬੇ ਦਾ ਕਿਸਾਨ ਬੁਨਿਆਦੀ ਖਾਦ ਦੀ ਕਿੱਲਤ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ’ਚ ਆਲੂ ਦੀ ਬਿਜਾਈ ਜ਼ੋਰਾਂ ’ਤੇ ਹੈ, ਪਰ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਨਹੀਂ ਮਿਲ ਰਹੀ। ਸਰਕਾਰ ਖ਼ੁਦ ਮੰਨ ਰਹੀ ਹੈ ਕਿ ਰਬੀ ਸੀਜ਼ਨ ਲਈ ਡੀਏਪੀ ਸਟਾਕ ਦੀ ਭਾਰੀ ਕਮੀ ਹੈ। ਜਦੋਂ ਬਿਜਾਈ ਸ਼ੁਰੂ ਹੋ ਚੁੱਕੀ ਸੀ ਤਾਂ ਕਿਸਾਨਾਂ ਲਈ ਖਾਦ ਦਾ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 50 ਕਿਲੋ ਡੀਏਪੀ ਦਾ ਸਰਕਾਰੀ ਰੇਟ 1350 ਰੁਪਏ ਹੈ, ਪਰ ਕਿਸਾਨਾਂ ਨੂੰ 1500 ਤੋਂ 1600 ਰੁਪਏ ਅਤੇ ਹਰਿਆਣਾ ਦੇ ਕੈਥਲ ਤੇ ਅੰਬਾਲਾ ਤੋਂ 1700 ਤੋਂ 1800 ਰੁਪਏ ਪ੍ਰਤੀ ਥੈਲਾ ਮੁੱਲ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਇਸ ਕਾਲਾਬਾਜ਼ਾਰੀ ਦੀ ਤੁਰੰਤ ਜਾਂਚ ਕਰੇ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ’ਚ 10 ਅਕਤੂਬਰ ਤੱਕ ਸਪਲਾਈ ਆਉਣ ਦੀ ਗੱਲ ਕਹੀ ਜਾ ਰਹੀ ਹੈ, ਜੋ ਆਲੂ ਉਤਪਾਦਕਾਂ ਲਈ ਚਿੰਤਾਜਨਕ ਹੈ। ਕਿਸਾਨਾਂ ਤੋਂ ਪਹਿਲਾਂ ਪੈਸੇ ਭਰਵਾਏ ਜਾ ਰਹੇ ਹਨ ਅਤੇ ਖਾਦ ਦੇ ਨਾਲ ਜ਼ਬਰਦਸਤੀ ਨੈਨੋ ਖਾਦ ਵਰਗਾ ਹੋਰ ਸਾਮਾਨ ਥੋਪਿਆ ਜਾ ਰਿਹਾ ਹੈ। ਰਾਜੂ ਖੰਨਾ ਨੇ ਮੰਗ ਕੀਤੀ ਕਿ ਹਲਕਾ ਅਮਲੋਹ ਸਮੇਤ ਪੂਰੇ ਪੰਜਾਬ ’ਚ ਸਰਕਾਰੀ ਰੇਟ ’ਤੇ ਡੀਏਪੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।