- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰੀਟੋਨ ਮਿਊਜ਼ਿਕ ਦੇ ਮਾਲਕ ਨਿਰਮਲ ਸਿੰਘ ਨੇ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਦਾ ਕੀਤਾ ਦੌਰਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੈਰੀਟੋਨ ਮਿਊਜ਼ਿਕ ਦੇ ਮਾਲਕ ਨਿਰਮਲ ਸਿੰਘ ਨੇ ਸਰਹਿੰਦ ਸਥਿਤ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਲਾਇਬ੍ਰੇਰੀ ’ਚ ਸੰਭਾਲੇ ਪੰਜਾਬੀ ਸੰਗੀਤ ਦੇ ਅਨਮੋਲ ਖ਼ਜ਼ਾਨੇ ਨੂੰ ਦੇਖਿਆ ਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਪੈਰੀਟੋਨ ਮਿਊਜ਼ਿਕ ਵੱਲੋਂ ਸੰਗੀਤ ਪ੍ਰੇਮੀਆਂ ਦੀ ਮੰਗ ’ਤੇ ਵਿਸ਼ੇਸ਼ ਰਿਕਾਰਡ ‘ਪੈਰੀਟੋਨ ਹਿਟਸ’ ਤਿਆਰ ਕੀਤਾ ਗਿਆ ਹੈ। ਇਸ ’ਚ ਕੁਲਦੀਪ ਮਾਣਕ, ਨਰਿੰਦਰ ਬੀਬਾ, ਦਿਲਸ਼ਾਦ ਅਖ਼ਤਰ, ਸੁਰਿੰਦਰ ਸ਼ਿੰਦਾ ਅਤੇ ਮੁਹੰਮਦ ਸਦੀਕ ਸਮੇਤ ਕਈ ਨਾਮਵਰ ਕਲਾਕਾਰਾਂ ਦੇ ਗੀਤ ਸ਼ਾਮਲ ਹਨ। ਲਾਇਬ੍ਰੇਰੀ ਦੇ ਸੰਸਥਾਪਕ ਹਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਲਾਇਬ੍ਰੇਰੀ ’ਚ ਇਸ ਰਿਕਾਰਡ ਦੀਆਂ 26 ਕਾਪੀਆਂ ਪਹੁੰਚੀਆਂ ਹਨ। ਨਿਰਮਲ ਸਿੰਘ ਨੇ ਖ਼ੁਦ ਲਾਇਬ੍ਰੇਰੀ ’ਚ ਇਸ ਰਿਕਾਰਡ ਨੂੰ ਸੁਣਿਆ। ਹਰਪਾਲ ਸਿੰਘ ਸੋਢੀ ਨੇ ਐਨਾਲਾਗ ਫਾਰਮੈਟ ’ਚ ਰਿਕਾਰਡ ਤਿਆਰ ਕਰਨ ਲਈ ਨਿਰਮਲ ਸਿੰਘ ਅਤੇ ਬਠਿੰਡਾ ਦੇ ਸੇਵਾਮੁਕਤ ਇੰਸਪੈਕਟਰ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੀਆਂ ਲਗਭਗ 100 ਕਾਪੀਆਂ ਤਿਆਰ ਕੀਤੀਆਂ ਗਈਆਂ ਸਨ, ਜੋ ਹੁਣ ਖ਼ਤਮ ਹੋਣ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਸੰਗੀਤ ਪ੍ਰੇਮੀ ਕੁਲਵੰਤ ਸਿੰਘ ਜਾਂ ਹਰਪਾਲ ਸਿੰਘ ਸੋਢੀ ਨਾਲ ਸੰਪਰਕ ਕਰ ਕੇ ਇਹ ਰਿਕਾਰਡ ਪ੍ਰਾਪਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਸੋਢੀ ਪੁਰਾਣੀਆਂ ਫ਼ਿਲਮਾਂ, ਰਿਕਾਰਡਾਂ, ਕੈਸਟਾਂ ਅਤੇ ਗੀਤ-ਸੰਗੀਤ ਨੂੰ ਸੰਭਾਲਣ ਲਈ ਜਾਣੇ ਜਾਂਦੇ ਹਨ। ਲਾਇਬ੍ਰੇਰੀ ’ਚ ਪੰਜਾਬੀ ਅਤੇ ਭਾਰਤੀ ਸਿਨੇਮਾ ਨਾਲ ਸਬੰਧਤ ਵੱਡਾ ਸੰਗ੍ਰਹਿ ਮੌਜੂਦ ਹੈ, ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਨਿਰਮਲ ਸਿੰਘ ਦਾ ਇਹ ਦੌਰਾ ਪੁਰਾਣੇ ਪੰਜਾਬੀ ਸੰਗੀਤ ਨੂੰ ਸੰਭਾਲਣ ਵਾਲੇ ਪ੍ਰੇਮੀਆਂ ਲਈ ਯਾਦਗਾਰ ਮੌਕਾ ਬਣਿਆ।