- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀ ਅਣਗਹਿਲੀ ਕਾਰਨ ਖੰਡਰ ਬਣੀ ਕਰੋੜਾਂ ਦੀ ਲਾਗਤ ਨਾਲ ਬਣੀ ਆਧੁਨਿਕ ਪਸ਼ੂ ਮੰਡੀ : ਭੁੱਟਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਆਧੁਨਿਕ ਪਸ਼ੂ ਮੰਡੀ ਨਬੀਪੁਰ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਇਹ ਮੰਡੀ ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਸਮੇਂ 2012 ’ਚ ਲਗਭਗ 7.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੀ ਇਹ ਸਭ ਤੋਂ ਵੱਡੀ ਪਸ਼ੂ ਮੰਡੀ ਬਣਾਈ ਗਈ ਸੀ, ਜਿੱਥੇ ਪਸ਼ੂ ਪਾਲਕਾਂ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਸਨ। ਭੁੱਟਾ ਨੇ ਕਿਹਾ ਕਿ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਅੱਜ ਮੰਡੀ ’ਚ ਨਾ ਤਾਂ ਕੋਈ ਦਰਵਾਜ਼ਾ ਜਾਂ ਖਿੜਕੀ ਬਚੀ ਹੈ ਅਤੇ ਨਾ ਹੀ ਪਾਣੀ ਦੀਆਂ ਟੂਟੀਆਂ ਤੇ ਲਾਈਟਾਂ ਮੌਜੂਦ ਹਨ। ਪੁਲਿਸ ਚੌਂਕੀ ਨਬੀਪੁਰ ਦੀ ਦੀਵਾਰ ਦੇ ਨਾਲ ਲੱਗਦੀ ਇਸ ਮੰਡੀ ਦਾ ਸਾਰਾ ਲੋਹੇ ਦਾ ਸਾਮਾਨ ਚੋਰੀ ਹੋ ਚੁੱਕਾ ਹੈ ਅਤੇ ਇਹ ਥਾਂ ਨਸ਼ੇੜੀਆਂ ਤੇ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਰ ਮਹੀਨੇ 2 ਅਤੇ 15 ਤਰੀਕ ਨੂੰ ਲੱਗਣ ਵਾਲੇ ਪਸ਼ੂ ਮੇਲੇ ਬੰਦ ਹੋ ਗਏ ਹਨ ਅਤੇ 15 ਤਰੀਕ ਵਾਲਾ ਮੇਲਾ ਹੁਣ ਖੰਨਾ ਵਿਖੇ ਲੱਗ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਸ਼ੂ ਦੀ ਖਰੀਦ ’ਤੇ ਖਰੀਦਦਾਰ ਤੋਂ 2700 ਰੁਪਏ ਫੀਸ ਵਸੂਲ ਕੇ ਠੇਕੇਦਾਰ ਤੇ ਸਰਕਾਰ ਕਰੋੜਾਂ ਰੁਪਏ ਕਮਾ ਰਹੇ ਹਨ, ਪਰ ਪਸ਼ੂ ਪਾਲਕਾਂ ਤੇ ਵਪਾਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਸਾਢੇ ਚਾਰ ਸਾਲਾਂ ਦੌਰਾਨ ਇਸ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮੰਡੀ ਦੀ ਇਸ ਦੁਰਦਸ਼ਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰ ਕੇ ਇਸ ਨੂੰ ਮੁੜ ਚਾਲੂ ਕੀਤਾ ਜਾਵੇ। ਇਸ ਮੌਕੇ ਜਸਵੀਰ ਸਿੰਘ, ਦਮਨਜੋਤ ਸਿੰਘ ਚੀਮਾ, ਗੁਰਸੇਵਕ ਸਿੰਘ, ਰਮਨਦੀਪ ਸਿੰਘ, ਸੁਖਬੀਰ ਸਿੰਘ, ਜਗਜੀਤ ਸਿੰਘ, ਮਨਰੂਪ ਸਿੰਘ ਦਾਲੋਮਾਜਰਾ, ਬਲਜਿੰਦਰ ਸਿੰਘ ਜਲਵੇੜੀ ਗਹਿਲਾਂ ਅਤੇ ਗੁਰਵਿੰਦਰ ਸਿੰਘ ਸਾਬੀ ਆਦਿ ਹਾਜ਼ਰ ਸਨ।