ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਕੌਮੀ ਸੈਮੀਨਾਰ ਵਰਲਡ ਯੂਨੀਵਰਸਿਟੀ ਵਿਖੇ ‘ਸਮਕਾਲੀ ਵਿਸ਼ਵ ਰਾਜਨੀਤੀ ਅਤੇ ਪੰਜਾਬ ਦੀ ਸਥਿਤੀ’ ਵਿਸ਼ੇ ’ਤੇ ਕੌਮੀ ਸੈਮੀਨਾਰ
Publish Date: Fri, 30 Oct 2026 06:08 PM (IST)
Updated Date: Fri, 30 Oct 2026 06:10 PM (IST)
ਫ਼ੋਟੋ ਫ਼ਾਈਲ : 3-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸੈਮੀਨਾਰ ਦੌਰਾਨ ਉਪ-ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ, ਵਿਦਵਾਨ ਬੁਲਾਰੇ ਅਤੇ ਅਧਿਆਪਕ ਵਿਦਿਆਰਥੀਆਂ ਨਾਲ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ‘ਸਮਕਾਲੀ ਵਿਸ਼ਵ ਰਾਜਨੀਤੀ ਤੇ ਪੰਜਾਬ ਦੀ ਸਥਿਤੀ’ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਮਕਾਲੀ ਵਿਸ਼ਵ ਰਾਜਨੀਤੀ ਨੂੰ ਸਮਝਣ ਲਈ ਅਕਾਦਮਿਕ ਵਿਚਾਰ-ਵਟਾਂਦਰੇ ਦੀ ਅਹਿਮੀਅਤ ਬਾਰੇ ਦੱਸਿਆ। ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਪਾਣੀ ਅਤੇ ਮਿੱਟੀ ਵਰਗੇ ਕੁਦਰਤੀ ਸੋਮਿਆਂ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ। ਡੀਨ ਭਾਸ਼ਾਵਾਂ ਡਾ. ਸਿਕੰਦਰ ਸਿੰਘ ਨੇ ਬਦਲਦੇ ਕੌਮਾਂਤਰੀ ਸਿਆਸੀ ਹਾਲਾਤ ’ਚ ਪੰਜਾਬ ਦੀ ਰਾਜਨੀਤਕ, ਭੂਗੋਲਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਨੇ ‘ਜਲ ਸੁਰੱਖਿਆ ਤੇ ਪੰਜਾਬ: ਇੱਕ ਭੂ-ਰਾਜਨੀਤਕ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਬੋਲਦਿਆਂ ਪਾਣੀਆਂ ਦੇ ਮਸਲੇ, ਅੰਤਰ-ਰਾਜੀ ਵਿਵਾਦਾਂ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਗੰਭੀਰ ਚੁਣੌਤੀ ਦੱਸਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ ਨੇ ‘ਸਿੱਖ ਭਾਈਚਾਰਾ, ਵਿਸ਼ਵ ਰਾਜਨੀਤੀ ਅਤੇ ਪੰਜਾਬ’ ਵਿਸ਼ੇ ’ਤੇ ਵਿਚਾਰ ਰੱਖਦਿਆਂ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਯੋਗ ਅਗਵਾਈ ਅਤੇ ਦੂਰਅੰਦੇਸ਼ੀ ਵਿਉਂਤਬੰਦੀ ਦੀ ਲੋੜ ਦੱਸੀ। ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਬਲਵਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਹਾਇਕ ਪ੍ਰੋਫੈਸਰ ਨਵਨੀਤ ਕੌਰ ਨੇ ਨਿਭਾਈ। ਇਸ ਮੌਕੇ ਡਾ. ਹਰਦੇਵ ਸਿੰਘ, ਡਾ. ਹਰਮੀਤ ਬਿਲਿੰਗ, ਡਾ. ਜਸਪ੍ਰੀਤ ਕੌਰ, ਡਾ. ਅਮਨਦੀਪ ਕੌਰ, ਰਮਨਦੀਪ ਬਾਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ’ਚ ਮੌਜੂਦ ਸਨ।