- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਹਰ ਸ਼ੂਗਰ ਮਿੱਲ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਪੰਜਾਬੀ ਜਾਗਰਣ ਰਿਪੋਰਟਰ, ਅਮਲੋਹ : ਨਾਹਰ ਸ਼ੂਗਰ ਮਿੱਲ ਅਮਲੋਹ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਫਸਲ ਦੀਆਂ ਨਵੀਨਤਮ ਅਤੇ ਆਧੁਨਿਕ ਕਾਸ਼ਤਕਾਰੀ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਕੈਲਗਰੀ ਰਿਜ਼ੋਰਟ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਵਿੱਚ 160 ਤੋਂ ਵੱਧ ਗੰਨਾ ਕਾਸ਼ਤਕਾਰਾਂ ਨੇ ਸ਼ਮੂਲੀਅਤ ਕੀਤੀ। ਇਹ ਕੈਂਪ ਯੋਗੇਸ਼ ਕੁਮਾਰ ਸਿੰਘ ਜਨਰਲ ਮੈਨੇਜਰ, ਹਰੀਸ਼ ਗੁਪਤਾ ਜਨਰਲ ਮੈਨੇਜਰ ਅਤੇ ਸੁਧੀਰ ਕੁਮਾਰ ਵਾਈਸ ਪ੍ਰੈਜ਼ੀਡੈਂਟ (ਕੇਨ) ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਸੰਘੇੜਾ ਸ਼ੂਗਰਕੇਨ ਰਿਸਰਚ ਸਟੇਸ਼ਨ ਕਪੂਰਥਲਾ ਤੋਂ ਇਲਾਵਾ ਮਿੱਲ ਤੋਂ ਮਨੋਜ ਕੁਮਾਰ, ਤਪਿੰਦਰ ਸਿੰਘ, ਤਲਵਿੰਦਰ ਸਿੰਘ ਅਤੇ ਅਨੁਜ ਮਲਿਕ ਸਮੇਤ ਹੋਰ ਅਧਿਕਾਰੀ ਹਜ਼ਾਰ ਸਨ। ਕੈਂਪ ਦਾ ਆਗਾਜ਼ ਸੁਧੀਰ ਕੁਮਾਰ ਵੱਲੋਂ ਪਹੁੰਚੇ ਕਾਸ਼ਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੀਤਾ ਗਿਆ। ਉਨ੍ਹਾਂ ਮੁੱਢੇ ਗੰਨੇ ਦੀ ਸੰਭਾਲ, ਝਾੜ ਵਿੱਚ ਵਾਧਾ, ਟਰੇਂਚ ਵਿਧੀ ਅਤੇ ਹਾਰਵੈਸਟਰ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਬਿਜਾਈ 4 ਤੋਂ 5 ਫੁੱਟ ਦੀ ਦੂਰੀ ’ਤੇ ਕਰਨ ਦੀ ਸਲਾਹ ਦਿੱਤੀ, ਤਾਂ ਜੋ ਕਟਾਈ ਆਸਾਨੀ ਨਾਲ ਹੋ ਸਕੇ। ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਢੁਕਵੀਆਂ ਕਿਸਮਾਂ, ਸਮੇਂ ਸਿਰ ਬਿਜਾਈ ਅਤੇ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਸੀਓਪੀਬੀ 85, ਸੀਓ92, ਸੀਓ 0118 ਅਤੇ ਸੀਓ15023 ਆਦਿ ਕਿਸਮਾਂ ਹੇਠ ਰਕਬਾ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਮਜ਼ਦੂਰਾਂ ਦੀ ਘਾਟ ਕਾਰਨ ਹਾਰਵੈਸਟਰ ਦੀ ਵਰਤੋਂ ਤੇ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਦੌਰਾਨ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਅਤੇ ਪ੍ਰਬੰਧਕਾਂ ਵੱਲੋਂ ਸੰਤੋਸ਼ਜਨਕ ਜਵਾਬ ਦਿੱਤੇ ਗਏ। ਅੰਤ ਵਿਚ ਯੋਗੇਸ਼ ਕੁਮਾਰ ਸਿੰਘ ਵੱਲੋਂ ਸਮੂਹ ਹਾਜ਼ਰੀਨ ਅਤੇ ਤਕਨੀਕੀ ਸਟਾਫ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।