- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ’ਚ ਸੰਗੀਤਕ ਸਟਾਰ ਨਾਈਟ ਕਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ’ਵਰਸਿਟੀ ਵੱਲੋਂ ਕਰਵਾਈ ਸ਼ਾਨਦਾਰ ਸੰਗੀਤਕ ਸਟਾਰ ਨਾਈਟ ਦੌਰਾਨ ਕੈਂਪਸ ਸੰਗੀਤ, ਰੌਣਕ ਤੇ ਉਤਸ਼ਾਹ ਨਾਲ ਸਰਾਬੋਰ ਹੋ ਗਿਆ। ਇਸ ਯਾਦਗਾਰ ਸ਼ਾਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਤੇ ਪੰਜਾਬੀ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਇਕੱਠੇ ਹੋ ਕੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਸਮਾਗਮ ਦਾ ਆਨੰਦ ਮਾਣਿਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ ਅਤੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਮਨੋਰੰਜਨ ਜਗਤ ਅਤੇ ਪੰਜਾਬੀ ਸੱਭਿਆਚਾਰਕ ਖੇਤਰ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਪੰਜਾਬੀ ਸਿਨੇਮਾ ਦੀਆਂ ਪ੍ਰਸਿੱਧ ਹਸਤੀਆਂ ਨੂੰ ਸਨਮਾਨਿਤ ਕੀਤਾ। ਸਿਤਾਰਿਆਂ ਨਾਲ ਸਜੀ ਇਸ ਸ਼ਾਮ ਦੌਰਾਨ ਪੰਜਾਬੀ ਫ਼ਿਲਮ ‘ਸਿੰਘ ਵਰਸੇਜ਼ ਕੌਰ 2’ ਦੀ ਟੀਮ ਦੇ ਪ੍ਰਸਿੱਧ ਕਲਾਕਾਰਾਂ ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਸਾਦਿਕ ਗਿੱਲ, ਜਾਨਿਆ ਜੋਸ਼ੀ, ਏਕਮ ਚਨੋਲੀ, ਮਾਹੀ ਸ਼ਰਮਾ, ਲੱਖੀ ਘੁੰਮਣ, ਹਾਰਦਿਕ ਰਾਵਤ, ਸੁਮਿਤ, ਟੀਪੂ ਸੁਲਤਾਨ, ਮਨਪ੍ਰੀਤ ਸਿੰਘ ਅਤੇ ਜਿਗਰ ਨੇ ਦਿਲਕਸ਼ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ ਨਾਲ ਕੈਂਪਸ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੂਰੇ ਜੋਸ਼ ਨਾਲ ਸਮਾਰੋਹ ਦਾ ਆਨੰਦ ਲਿਆ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਜਮਾਤਾਂ ਦੀਆਂ ਸੀਮਾਵਾਂ ਤੋਂ ਪਰੇ ਰਚਨਾਤਮਕਤਾ, ਪ੍ਰਤਿਭਾ ਅਤੇ ਸੱਭਿਆਚਾਰ ਦਾ ਪ੍ਰਗਟਾਵਾ ਕਰਨ ਦੇ ਬਿਹਤਰੀਨ ਮੌਕੇ ਦਿੰਦੇ ਹਨ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ।