3500 ਦੀਆਂ ਪਾਥੀਆਂ ਲਈ ਕਤਲ! ਗੁਆਂਢੀ ਨੇ ਨੌਜਵਾਨ ਨੂੰ ਨਹਿਰ ’ਚ ਸੁੱਟ ਕੇ ਉਤਾਰਿਆ ਮੌਤ ਦੇ ਘਾਟ, 5 ਦਿਨਾਂ ਬਾਅਦ ਮਿਲੀ ਲਾਸ਼
ਸਿਰਫ਼ 3,500 ਰੁਪਏ ਦੀਆਂ ਪਾਥੀਆਂ ਲਈ 25 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮ ਮ੍ਰਿਤਕ ਦੇ ਘਰ ਹੀ ਆਪਣੀ ਪਤਨੀ ਨਾਲ ਠਹਿਰਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪਤਨੀ ਸਮੇਤ ਫ਼ਰਾਰ ਹੋ ਗਿਆ
Publish Date: Fri, 02 Oct 2026 07:56 PM (IST)
Updated Date: Fri, 02 Oct 2026 07:59 PM (IST)
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਸਿਰਫ਼ 3,500 ਰੁਪਏ ਦੀਆਂ ਪਾਥੀਆਂ ਲਈ 25 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮ ਮ੍ਰਿਤਕ ਦੇ ਘਰ ਹੀ ਆਪਣੀ ਪਤਨੀ ਨਾਲ ਠਹਿਰਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪਤਨੀ ਸਮੇਤ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਵੀਰਵਾਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਇਹ ਘਟਨਾ ਜ਼ਿਲ੍ਹੇ ਦੇ ਪਿੰਡ ਰਿਉਣਾ ਉੱਚਾ ਦੀ ਹੈ। ਮੂਲ ਰੂਪ ’ਚ ਇਸੇ ਪਿੰਡ ਦਾ ਰਹਿਣ ਵਾਲਾ 35 ਸਾਲਾ ਮਨਪ੍ਰੀਤ ਸਿੰਘ ਉਰਫ਼ ਮਨੀ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਜਾ ਕੇ ਵੱਸ ਗਿਆ ਸੀ। ਬੀਤੀ 25 ਸਤੰਬਰ ਨੂੰ ਉਹ ਆਪਣੀ ਪਤਨੀ ਨਾਲ ਪਿੰਡ ਆਇਆ। ਉਸ ਨੇ ਆਪਣੇ ਪਿੰਡ ਦੇ ਗੁਆਂਢੀ 25 ਸਾਲਾ ਸਤਵਿੰਦਰ ਸਿੰਘ ਨਾਲ ਦੋ ਪਾਥੀਆਂ ਦੇ ਢੇਰ ਦਾ ਸੌਦਾ 7,000 ਰੁਪਏ ’ਚ ਤੈਅ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਇਹ ਪਾਥੀਆਂ ਲੁਧਿਆਣਾ ਲੈ ਕੇ ਜਾਣੀਆਂ ਹਨ। ਇਕ ਪਾਥੀਆਂ ਦਾ ਢੇਰ ਉਸੇ ਦਿਨ ਟਾਟਾ 407 ਰਾਹੀਂ ਲੁਧਿਆਣਾ ਭੇਜ ਦਿੱਤਾ ਗਿਆ, ਜਦੋਂ ਕਿ ਦੂਜੇ ਢੇਰ ਨੂੰ ਲੈ ਕੇ ਦੋਵਾਂ ’ਚ ਵਿਵਾਦ ਹੋ ਗਿਆ।
ਇਸ ਦੇ ਬਾਵਜੂਦ ਮਨਪ੍ਰੀਤ ਸਿੰਘ ਨੇ ਰਾਤ ਹੋ ਜਾਣ ਅਤੇ ਪਿੰਡ ਵਾਲੇ ਘਰ ਨੂੰ ਤਾਲਾ ਲੱਗੇ ਹੋਣ ਦੀ ਗੱਲ ਕਹਿ ਕੇ ਸਤਵਿੰਦਰ ਸਿੰਘ ਦੇ ਘਰ ਹੀ ਠਹਿਰਨ ਦੀ ਬੇਨਤੀ ਕੀਤੀ। ਪੁਰਾਣੇ ਗੁਆਂਢੀ ਹੋਣ ਕਾਰਨ ਸਤਵਿੰਦਰ ਦੇ ਪਰਿਵਾਰ ਨੇ ਉਸ ਦੀ ਬੇਨਤੀ ਮੰਨ ਲਈ ਅਤੇ ਮਨਪ੍ਰੀਤ ਸਿੰਘ ਆਪਣੀ ਪਤਨੀ ਨਾਲ ਮ੍ਰਿਤਕ ਦੇ ਘਰ ਹੀ ਰਾਤ ਨੂੰ ਰੁਕਿਆ। 26 ਸਤੰਬਰ ਦੀ ਸਵੇਰ ਨੂੰ ਪਖਾਨੇ ਲਈ ਬਾਹਰ ਜਾਣ ਦੀ ਗੱਲ ਕਹਿ ਕੇ ਮਨਪ੍ਰੀਤ ਸਿੰਘ ਆਪਣੇ ਨਾਲ ਸਤਵਿੰਦਰ ਨੂੰ ਸਕੂਟੀ 'ਤੇ ਬਿਠਾ ਕੇ ਨਹਿਰ ਕੋਲ ਲੈ ਗਿਆ। ਕਰੀਬ 40 ਮਿੰਟ ਬਾਅਦ ਉਹ ਵਾਪਸ ਘਰ ਪਰਤਿਆ ਅਤੇ ਦੱਸਿਆ ਕਿ ਸਤਵਿੰਦਰ ਕਿਸੇ ਵਿਅਕਤੀ ਨਾਲ ਬਾਈਕ 'ਤੇ ਕਿਤੇ ਗਿਆ ਹੈ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਆਪਣੀ ਪਤਨੀ ਨਾਲ ਪਿੰਡੋਂ ਚਲਾ ਗਿਆ।
ਜਦੋਂ ਕਾਫ਼ੀ ਦੇਰ ਤੱਕ ਸਤਵਿੰਦਰ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸਤਵਿੰਦਰ ਦਾ ਕੋਈ ਅਤਾ-ਪਤਾ ਨਾ ਲੱਗਣ 'ਤੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਗੁੰਮਸ਼ੁਦਾ ਦੀ ਭਾਲ ਸ਼ੁਰੂ ਕਰ ਦਿੱਤੀ। 30 ਸਤੰਬਰ ਨੂੰ ਥਾਣਾ ਮੁਲੇਪੁਰ ਪੁਲਿਸ ਨੂੰ ਰਾਜਪੁਰਾ ਨੇੜੇ ਨਹਿਰ ’ਚੋਂ ਇਕ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚ ਕੇ ਸ਼ਨਾਖ਼ਤ ਕਰਵਾਉਣ 'ਤੇ ਸਾਫ਼ ਹੋਇਆ ਕਿ ਨਹਿਰ ’ਚੋਂ ਮਿਲੀ ਲਾਸ਼ 5 ਦਿਨਾਂ ਤੋਂ ਲਾਪਤਾ ਸਤਵਿੰਦਰ ਸਿੰਘ ਦੀ ਸੀ।
ਪੁਲਿਸ ਨੇ ਮ੍ਰਿਤਕ ਸਤਵਿੰਦਰ ਸਿੰਘ ਦੀ ਪਤਨੀ ਪੂਜਾ ਰਾਣੀ ਦੇ ਬਿਆਨਾਂ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪੁਲਿਸ ਨੇ ਦੋਸ਼ੀ ਦੀ ਭਾਲ ’ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਵੀਰਵਾਰ 1 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੇ ਜਾਂਚ ਅਧਿਕਾਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਦੋਸ਼ੀ ਮਨਪ੍ਰੀਤ ਸਿੰਘ ਨੇ 26 ਸਤੰਬਰ ਦੀ ਸਵੇਰ ਨੂੰ ਸਤਵਿੰਦਰ ਸਿੰਘ ਨੂੰ ਪਖਾਨੇ ਦੇ ਬਹਾਨੇ ਆਪਣੇ ਨਾਲ ਲੈ ਜਾ ਕੇ ਨਹਿਰ ’ਚ ਧੱਕਾ ਦੇ ਦਿੱਤਾ।
ਸਤਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਝੂਠੀ ਕਹਾਣੀ ਸੁਣਾ ਕੇ ਉਹ ਉੱਥੋਂ ਫ਼ਰਾਰ ਹੋ ਗਿਆ ਸੀ। ਦੋਸ਼ੀ ਮਨਪ੍ਰੀਤ ਸਿੰਘ ਪਿੰਡ ਛੱਡਣ ਤੋਂ ਬਾਅਦ ਹੁਣ ਲੁਧਿਆਣਾ ਦੀ ਜੱਸੀਆਂ ਰੋਡ 'ਤੇ ਨਿਊ ਅਸ਼ੋਕ ਨਗਰ ਵਿੱਚ ਪਾਣੀ ਦੀ ਟੈਂਕੀ ਕੋਲ ਰਹਿ ਰਿਹਾ ਸੀ। ਪੁਲਿਸ ਅਨੁਸਾਰ ਦੋਸ਼ੀ 'ਤੇ ਪਹਿਲਾਂ ਹੀ ਲੁਧਿਆਣਾ ਵਿੱਚ ਐੱਨ.ਡੀ.ਪੀ.ਐੱਸ. (NDPS) ਅਤੇ ਐਕਸਾਈਜ਼ ਐਕਟ ਦੇ ਦੋ ਮੁਕੱਦਮੇ ਦਰਜ ਹਨ।