ਨਗਰ ਕੌਂਸਲ ਪ੍ਰਧਾਨ ਨੇ ਥਾਣਾ ਮੁਖੀ ਨਾਲ ਕੀਤੀਆਂ ਅਹਿਮ ਵਿਚਾਰਾਂ ਨਗਰ ਕੌਂਸਲ ਪ੍ਰਧਾਨ ਨੇ ਪੁਲਿਸ ਨਾਲ ਕੀਤੀ ਮੀਟਿੰਗ
Publish Date: Wed, 12 Aug 2026 06:20 PM (IST)
Updated Date: Wed, 12 Aug 2026 06:23 PM (IST)
--ਟ੍ਰੈਫਿਕ ਜਾਮ, ਹੁੱਲੜਬਾਜ਼ੀ ਤੇ ਨਸ਼ਿਆਂ ਖ਼ਿਲਾਫ਼ ਵਿੱਢਾਂਗੇ ਮੁਹਿੰਮ : ਥਾਣਾ ਮੁਖੀ ਫੋਟੋ ਫ਼ਾਈਲ : 13 ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਥਾਣਾ ਮੁੱਖੀ ਸੰਦੀਪ ਸਿੰਘ ਨਾਰਕੋਟਿਕ ਸੈੱਲ ਦੇ ਮੁਖੀ ਕੁਲਵੰਤ ਸਿੰਘ ਨਾਲ ਮੀਟਿੰਗ ਕਰਨ ਸਮੇਂ । ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼ਹਿਰ ਵਿਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ, ਬਾਜ਼ਾਰਾਂ ਵਿਚ ਲੱਗਣ ਵਾਲੇ ਜਾਮ ਤੇ ਨਸ਼ਿਆਂ ਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਸਥਾਨਕ ਪੁਲਿਸ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਥਾਣਾ ਮੁਖੀ ਸੰਦੀਪ ਸਿੰਘ ਅਤੇ ਨਾਰਕੋਟਿਕਸ ਸੈੱਲ ਦੇ ਇੰਚਾਰਜ ਕੁਲਵੰਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕਿੰਗ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ ਲੱਗਦਾ ਹੈ। ਇਸ ਦੇ ਹੱਲ ਲਈ ਹੁਣ ਬਾਜ਼ਾਰਾਂ ਵਿੱਚ ਭਾਰੀ ਵਾਹਨਾਂ ਦੇ ਲੰਘਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਬਾਜ਼ਾਰਾਂ ਵਿੱਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲਿਆਂ, ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ’ਤੇ ਸਖ਼ਤੀ ਕੀਤੀ ਜਾਵੇਗੀ। ਸਕੂਲਾਂ-ਕਾਲਜਾਂ ਦੇ ਨੇੜੇ ਅਤੇ ਸ਼ਹਿਰ ਦੀਆਂ ਵਿਸ਼ੇਸ਼ ਥਾਵਾਂ ’ਤੇ ਨੌਜਵਾਨਾਂ ਵੱਲੋਂ ਟੋਲੀਆਂ ਬਣਾ ਕੇ ਖੜ੍ਹਨ ਅਤੇ ਹੁੱਲੜਬਾਜ਼ੀ ਕਰਨ ਤੋਂ ਰੋਕਣ ਲਈ ਪੁਲਿਸ ਗਸ਼ਤ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਥਾਣਾ ਮੁਖੀ ਸੰਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਨਾਰਕੋਟਿਕ ਸੈੱਲ ਦੇ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਸ਼ਾ ਵੇਚਣ ਜਾਂ ਸਪਲਾਈ ਕਰਨ ਵਾਲੇ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਸੈਨੀਟੇਸ਼ਨ ਸੁਪਰਡੈਂਟ ਸੰਦੀਪ ਕੁਮਾਰ, ਸੁਪਰਡੈਂਟ ਬਲਵਿੰਦਰ ਸਿੰਘ, ਮੁਕਲਦੀਪ ਸਿੰਘ ਚੀਮਾ, ਅਵਤਾਰ ਸਿੰਘ ਬੱਬੂ, ਕਮਲ ਅਤੇ ਪਵਿੱਤਰ ਮੋਹਨ ਵੀ ਮੌਜੂਦ ਸਨ।