- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਮੌਕ ਇੰਟਰਵਿਊ ਸੈਸ਼ਨ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਬਿਜ਼ਨਸ ਕਲੱਬ ਵੱਲੋਂ ਬੀਬੀਏ, ਬੀਕਾਮ, ਐਮਬੀਏ ਤੇ ਐਮਕਾਮ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਮੌਕ ਇੰਟਰਵਿਊ ਸੈਸ਼ਨ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ’ਚ ਲਗਭਗ 150 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਮਾਹਿਰਾਂ ਤੋਂ ਕੀਮਤੀ ਸੁਝਾਅ ਹਾਸਲ ਕੀਤੇ। ਇਹ ਪ੍ਰੋਗਰਾਮ ਵਿਭਾਗ ਮੁਖੀ ਡਾ. ਕੰਚਨ ਰਾਣੀ ਦੀ ਅਗਵਾਈ ਤੇ ਬਿਜ਼ਨਸ ਕਲੱਬ ਕੋਆਰਡੀਨੇਟਰ ਡਾ. ਨਵਲੀਨ ਕੌਰ ਦੇ ਤਾਲਮੇਲ ਨਾਲ ਕਰਵਾਇਆ ਗਿਆ, ਜਿਸ ’ਚ ਡਾ. ਰੁਚੀ ਮਲਹੋਤਰਾ, ਡਾ. ਰਮਨਦੀਪ ਕੌਰ ਸਿੱਧੂ, ਨਵਨੀਤ ਭਾਸਕਰ ਅਤੇ ਜਪਨੀਤ ਕੌਰ ਗੁਰਮ ਨੇ ਵੀ ਸਹਿਯੋਗ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਐੱਸਜੀਪੀਸੀ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਸਾਬਕਾ ਡੀਨ ਡਾ. ਬੀਐੱਸ ਭੁੱਲਰ ਅਤੇ ਬੀਬੀਐੱਸਬੀਈਸੀ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਡਾ. ਜਸਪ੍ਰੀਤ ਸਿੰਘ ਓਬਰਾਏ ਨਾਲ ਵਿਚਾਰ-ਵਟਾਂਦਰਾ ਕੀਤਾ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸਵੈ-ਜਾਣ-ਪਛਾਣ, ਸਰੀਰਕ ਹਾਵ-ਭਾਵ, ਪੇਸ਼ੇਵਰ ਦਿੱਖ, ਵਿਸ਼ੇ ਦੇ ਗਿਆਨ ਅਤੇ ਸਵਾਲਾਂ ਦੇ ਢੁਕਵੇਂ ਜਵਾਬ ਦੇਣ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਇਹ ਸਮਾਗਮ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਦੀ ਹੌਸਲਾ-ਅਫ਼ਜ਼ਾਈ ਨਾਲ ਨੇਪਰੇ ਚੜ੍ਹਿਆ। ਵਿਭਾਗ ਵੱਲੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਦਾ ਵੀ ਅਜਿਹੇ ਉਦਯੋਗ-ਮੁਖੀ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ ਗਿਆ। ਅਖ਼ੀਰ ’ਚ ਸੱਦੇ ਗਏ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦੀ ਮਤਾ ਪੇਸ਼ ਕਰਕੇ ਸਮਾਗਮ ਦੀ ਸਮਾਪਤੀ ਹੋਈ।