
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਧਾਇਕ ਰਾਏ ਨੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਹਲਕਾ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਸਰਹਿੰਦ ਜੀਟੀ ਰੋਡ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸਫ਼ਾਈ ਕਾਰਜ ਸ਼ੁਰੂ ਕਰਵਾਏ ਗਏ। ਇਹ ਮੁਹਿੰਮ 29 ਅਗਸਤ ਤੋਂ 9 ਸਤੰਬਰ ਤੱਕ ਨਿਰੰਤਰ ਜਾਰੀ ਰਹੇਗੀ। ਸ਼ੁਰੂਆਤ ਮੌਕੇ ਵਿਧਾਇਕ ਰਾਏ ਅਤੇ ਆਪ ਆਗੂਆਂ ਨੇ ਖ਼ੁਦ ਝਾੜੂ ਲਗਾ ਕੇ ਲੋਕਾਂ ਨੂੰ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਉਦੇਸ਼ ਲੋਕਾਂ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ’ਚ ਗੰਦਗੀ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰ ਕੇ ਮੁਕੰਮਲ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਧਾਇਕ ਨੇ ਦੱਸਿਆ ਕਿ ਕੂੜੇ ਦੇ ਪੱਕੇ ਹੱਲ ਲਈ ਨਵੇਂ ਸੈਗਰੀਗੇਸ਼ਨ ਪ੍ਰਾਜੈਕਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਹਿਤ ਕੂੜੇ ਦੀ ਛਾਂਟੀ ਸ਼ਹਿਰ ਤੋਂ ਬਾਹਰ ਹੀ ਕੀਤੀ ਜਾਵੇਗੀ, ਜਿਸ ਨਾਲ ਸ਼ਹਿਰ ਅੰਦਰ ਡੰਪਿੰਗ ਦੀ ਸਮੱਸਿਆ, ਬਦਬੂ ਅਤੇ ਗੰਦਗੀ ਤੋਂ ਲੋਕਾਂ ਨੂੰ ਪੱਕੀ ਰਾਹਤ ਮਿਲੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ, ਕੌਂਸਲਰ ਬਲਜਿੰਦਰ ਸਿੰਘ ਗੋਲਾ, ਕੌਂਸਲਰ ਰਾਮਪਾਲ ਸਿੰਘ, ਕੌਂਸਲਰ ਬੰਟੀ ਸੈਣੀ, ਰਮੇਸ਼ ਕੁਮਾਰ ਸੋਨੂੰ, ਬਲਦੇਵ ਸਿੰਘ ਭੱਲਮਾਜਰਾ, ਐਸਡੀਓ ਸੀਵਰੇਜ ਬੋਰਡ ਰਜਨੀਸ਼, ਕਾਰਜ ਸਾਧਕ ਅਫ਼ਸਰ ਸਰਹਿੰਦ ਅਤੇ ਨਗਰ ਕੌਂਸਲ ਦੇ ਸਫ਼ਾਈ ਸੇਵਕ ਮੌਜੂਦ ਸਨ।