ਵਿਧਾਇਕ ਰਾਏ ਵੱਲੋਂ ਪਿੰਡ ਨਲੀਨੀ ’ਚ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਵਿਧਾਇਕ ਰਾਏ ਵੱਲੋਂ ਪਿੰਡ ਨਲੀਨੀ ’ਚ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ
Publish Date: Tue, 25 Aug 2026 06:26 PM (IST)
Updated Date: Tue, 25 Aug 2026 06:27 PM (IST)
ਫ਼ੋਟੋ ਫ਼ਾਈਲ : 11 ਪਿੰਡ ਨਲੀਨੀ ’ਚ ਖੇਡ ਮੈਦਾਨ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੂਬੇ ’ਚ 3100 ਪੇਂਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੂਜੇ ਪੜਾਅ ਤਹਿਤ ਲੋਕਾਂ ਨੂੰ ਸਮਰਪਿਤ ਕੀਤੇ ਗਏ 500 ਤੋਂ ਵੱਧ ਖੇਡ ਮੈਦਾਨਾਂ ’ਚ ਹਲਕਾ ਫਤਹਿਗੜ੍ਹ ਸਾਹਿਬ ਦੇ 6 ਮੈਦਾਨ ਸ਼ਾਮਲ ਹਨ। ਇਹ ਜਾਣਕਾਰੀ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਨਲੀਨੀ ਵਿਖੇ ਆਧੁਨਿਕ ਪੇਂਡੂ ਖੇਡ ਮੈਦਾਨ ਦਾ ਉਦਘਾਟਨ ਕਰਨ ਮੌਕੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਖੇਡ ਮੈਦਾਨ ਬਣਨ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਮਾਹੌਲ ਮਿਲੇਗਾ, ਜਿਸ ਨਾਲ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣਗੇ। ਵਿਧਾਇਕ ਰਾਏ ਨੇ ਦੱਸਿਆ ਕਿ ਹਲਕੇ ਦੇ ਪਿੰਡ ਖੇੜਾ, ਚਨਾਰਥਲ ਖ਼ੁਰਦ, ਲਟੌਰ, ਮੂਲੇਪੁਰ ਅਤੇ ਨਬੀਪੁਰ ਵਿਖੇ ਵੀ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਇਨ੍ਹਾਂ ਮੈਦਾਨਾਂ ’ਚ ਫੁੱਟਬਾਲ ਦੇ ਗੋਲਪੋਸਟ, ਵਾਲੀਬਾਲ ਪੋਲ, ਬੱਚਿਆਂ ਲਈ ਝੂਲੇ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਉੱਥੇ ਹੀ ਨੌਜਵਾਨਾਂ ’ਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਇਨ੍ਹਾਂ ਖੇਡ ਮੈਦਾਨਾਂ ਦਾ ਲਾਭ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਸਿਹਤ ਸੰਭਾਲ ਲਈ ਲੈ ਸਕਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੌਜੂਦ ਸਨ।