
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਕਿੰਗ ਕਾਸਟ ਨਾ ਮਿਲਣ ਕਾਰਨ ਸਕੂਲਾਂ ’ਚ ਮਿੱਡ ਡੇਅ ਮੀਲ ਸਕੀਮ ਪ੍ਰਭਾਵਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸਰਕਾਰੀ ਸਕੂਲਾਂ ’ਚ ਮਿੱਡ ਡੇਅ ਮੀਲ ਸਕੀਮ ਦੀ ਕੁਕਿੰਗ ਕਾਸਟ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਮਾਲੋਵਾਲ ਨੇ ਦੱਸਿਆ ਕਿ ਅਪਰੈਲ 2026 ਤੋਂ ਹੁਣ ਤੱਕ ਰਾਸ਼ੀ ਨਾ ਮਿਲਣ ਕਾਰਨ ਅਧਿਆਪਕ ਆਪਣੀਆਂ ਜੇਬਾਂ ’ਚੋਂ ਖ਼ਰਚ ਕਰਕੇ ਬੱਚਿਆਂ ਲਈ ਰਾਸ਼ਨ, ਫ਼ਲ ਅਤੇ ਬਾਲਣ ਦਾ ਪ੍ਰਬੰਧ ਕਰ ਰਹੇ ਹਨ। ਲੰਬੇ ਸਮੇਂ ਤੋਂ ਅਦਾਇਗੀ ਨਾ ਹੋਣ ਕਾਰਨ ਸਕੂਲਾਂ ਸਿਰ ਕਰਜ਼ਾ ਵਧ ਗਿਆ ਹੈ ਅਤੇ ਹੁਣ ਦੁਕਾਨਦਾਰਾਂ ਨੇ ਵੀ ਉਧਾਰ ਰਾਸ਼ਨ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕ ਆਗੂ ਬਲਜਿੰਦਰ ਸਿੰਘ ਬੇਰ ਕਲਾਂ ਅਤੇ ਹੋਰਨਾਂ ਨੇ ਕਿਹਾ ਕਿ ਅਧਿਕਾਰੀ ਪੁਰਾਣੇ ਸਿਸਟਮ ਪੀਐੱਫਐੱਮਐੱਸ ਦੀ ਥਾਂ ਨਵਾਂ ਸਿਸਟਮ ਲਾਗੂ ਹੋਣ ਦੀ ਗੱਲ ਕਹਿ ਰਹੇ ਹਨ, ਪਰ ਜਦੋਂ ਤੱਕ ਨਵਾਂ ਸਿਸਟਮ ਚਾਲੂ ਨਹੀਂ ਹੁੰਦਾ, ਪੁਰਾਣੀ ਪ੍ਰਣਾਲੀ ਰਾਹੀਂ ਹੀ ਫ਼ੰਡ ਜਾਰੀ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਕੁਕਿੰਗ ਕਾਸਟ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ, ਨਹੀਂ ਤਾਂ ਅਧਿਆਪਕ ਮਿੱਡ ਡੇਅ ਮੀਲ ਸਕੀਮ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੀਰਾ ਸਿੰਘ ਗੁਰਦਾਸਪੁਰ, ਰਾਕੇਸ਼ ਕੁਮਾਰ ਰੋੜੀ, ਅਰੁਣ ਕੁਮਾਰ, ਰੰਜੀਵ ਮਲੋਦ, ਰਣਧੀਰ ਸਿੰਘ ਨੂਰਪੁਰਾ, ਹਰਪ੍ਰੀਤ ਸਿੰਘ ਅਮਲੋਹ, ਆਤਮਾ ਸਿੰਘ ਰਾਈਏਵਾਲ, ਸਤਨਾਮ ਪਾਲੀਆ, ਮਨਦੀਪ ਕਲੌੜ, ਸ਼ਮਸ਼ੇਰ ਸਿੰਘ ਅਤੇ ਨਿਰਭੈ ਸਿੰਘ ਮੌਜੂਦ ਸਨ।