ਮਾਤਾ ਗੁਜਰੀ ਕਾਲਜ ਨੇ ਜ਼ੀਰਕਪੁਰ ਨੂੰ ਹਰਾ ਕੇ ਜਿੱਤਿਆ ਜ਼ੋਨਲ ਕ੍ਰਿਕਟ ਟੂਰਨਾਮੈਂਟ ਮਾਤਾ ਗੁਜਰੀ ਕਾਲਜ ਨੇ ਜ਼ੀਰਕਪੁਰ ਨੂੰ ਹਰਾ ਕੇ ਜਿੱਤਿਆ ਜ਼ੋਨਲ ਕ੍ਰਿਕਟ ਟੂਰਨਾਮੈਂਟ
Publish Date: Fri, 18 Sep 2026 05:29 PM (IST)
Updated Date: Fri, 18 Sep 2026 05:32 PM (IST)
ਫ਼ੋਟੋ ਫ਼ਾਈਲ : 12 ਮਾਤਾ ਗੁਜਰੀ ਕਾਲਜ ਦੀ ਜੇਤੂ ਕ੍ਰਿਕਟ ਟੀਮ ਨਾਲ ਅਧਿਆਪਕ ਅਤੇ ਕੋਚ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਕ੍ਰਿਕਟ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਫਤਹਿਗੜ੍ਹ ਸਾਹਿਬ ਜ਼ੋਨ ਦੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਖ਼ਿਤਾਬੀ ਮੁਕਾਬਲੇ ਵਿਚ ਮਾਤਾ ਗੁਜਰੀ ਕਾਲਜ ਨੇ ਦਸ਼ਮੇਸ਼ ਖਾਲਸਾ ਕਾਲਜ ਜ਼ੀਰਕਪੁਰ ਨੂੰ 121 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਾਤਾ ਗੁਜਰੀ ਕਾਲਜ ਦੀ ਟੀਮ ਨੇ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ’ਤੇ 218 ਦੌੜਾਂ ਬਣਾਈਆਂ। ਜਵਾਬ ਵਿਚ ਦਸ਼ਮੇਸ਼ ਖਾਲਸਾ ਕਾਲਜ ਦੀ ਟੀਮ 9 ਵਿਕਟਾਂ ਦੇ ਨੁਕਸਾਨ ’ਤੇ ਮਹਿਜ਼ 97 ਦੌੜਾਂ ਹੀ ਬਣਾ ਸਕੀ। ਮੈਚ ਦੌਰਾਨ ਮਾਤਾ ਗੁਜਰੀ ਕਾਲਜ ਦੇ ਖਿਡਾਰੀ ਦੇਵੀ ਚੰਦ ਯਾਦਵ ਨੇ 44 ਗੇਂਦਾਂ ਵਿਚ ਨਾਬਾਦ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਰਸ਼ਦੀਪ ਸਿੰਘ ਪੰਧੇਰ ਨੇ 18 ਗੇਂਦਾਂ ਵਿਚ 45 ਦੌੜਾਂ ਬਣਾਉਣ ਤੋਂ ਇਲਾਵਾ 1 ਵਿਕਟ ਵੀ ਲਈ, ਜਿਸ ਸਦਕਾ ਉਸ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ। ਸਮੀਰਪਾਲ ਸਿੰਘ ਸੰਧੂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 4 ਵਿਕਟਾਂ ਝਟਕਾਈਆਂ। ਇਸ ਜਿੱਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਵਰਗੇ ਗੁਣ ਪੈਦਾ ਕਰਦੀਆਂ ਹਨ। ਇਸ ਮੌਕੇ ਦਸ਼ਮੇਸ਼ ਖਾਲਸਾ ਕਾਲਜ ਜ਼ੀਰਕਪੁਰ ਦੇ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਡੀਨ ਸਪੋਰਟਸ ਡਾ. ਦਵਿੰਦਰ ਸਿੰਘ, ਟੀਮ ਇੰਚਾਰਜ ਪ੍ਰੋ. ਮੁਹੰਮਦ ਅਨਵਰ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ, ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਗੌਰੀ ਹਾਂਡਾ, ਪ੍ਰੋ. ਸੁਖਵਿੰਦਰ ਸਿੰਘ, ਖੇਡ ਵਿਭਾਗ ਦੀ ਮੁਖੀ ਪ੍ਰੋ. ਪਵਨਪ੍ਰੀਤ ਕੌਰ, ਪ੍ਰੋ. ਜਸਪ੍ਰੀਤ ਸਿੰਘ, ਫੁੱਟਬਾਲ ਕੋਚ ਬਹਾਦਰ ਸਿੰਘ, ਟੀਮ ਕੋਚ ਗੁਰਜੋਤ ਸਿੰਘ ਅਤੇ ਕਬੱਡੀ ਕੋਚ ਧਰਮ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ।