ਮਾਤਾ ਗੁਜਰੀ ਕਾਲਜ ਨੇ ਦੂਜੀ ਵਾਰ ਜਿੱਤੀ ਓਵਰਆਲ ਟਰਾਫ਼ੀ ਮਾਤਾ ਗੁਜਰੀ ਕਾਲਜ ਨੇ ਨੈਸ਼ਨਲ ਮੀਡੀਆ ਫ਼ੈਸਟ ’ਚ ਲਗਾਤਾਰ ਦੂਜੀ ਵਾਰ ਜਿੱਤੀ ਓਵਰਆਲ ਟਰਾਫ਼ੀ
Publish Date: Tue, 03 Nov 2026 06:22 PM (IST)
Updated Date: Tue, 03 Nov 2026 06:23 PM (IST)
ਫ਼ੋਟੋ ਫ਼ਾਈਲ : 16 ਨੈਸ਼ਨਲ ਮੀਡੀਆ ਫ਼ੈਸਟ 2026 ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਅਤੇ ਸਟਾਫ਼ ਮੈਂਬਰ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਗਏ ਨੈਸ਼ਨਲ ਮੀਡੀਆ ਫ਼ੈਸਟ 2026 ’ਚ ਲਗਾਤਾਰ ਦੂਸਰੀ ਵਾਰ ਓਵਰਆਲ ਟਰਾਫ਼ੀ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੀਡੀਆ ਫ਼ੈਸਟ ’ਚ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮੀਡੀਆ ਨਾਲ ਸਬੰਧਤ 15 ਮੁਕਾਬਲਿਆਂ ’ਚ ਹਿੱਸਾ ਲਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਤੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੀਡੀਆ ਫ਼ੈਸਟ ਦੌਰਾਨ ਕੈਪਸ਼ਨ ਲਿਖਣ ਮੁਕਾਬਲੇ ’ਚ ਜਸਪਾਲ ਕੌਰ ਨੇ ਪਹਿਲਾ ਸਥਾਨ ਅਤੇ ਐਡ-ਮੈਡ ਮੁਕਾਬਲੇ ’ਚ ਕ੍ਰਿਸ਼ਨਾ, ਦਲਜੀਤ ਸਿੰਘ, ਜਸਲੀਨ ਕੌਰ, ਕੋਮਲਪ੍ਰੀਤ ਕੌਰ ਤੇ ਮਨਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੁੱਕੜ ਨਾਟਕ ਮੁਕਾਬਲੇ ’ਚ ਪਾਰਸ, ਹਰਜੱਸ ਸਿੰਘ, ਸਿਮਰਨਜੋਤ ਸਿੰਘ, ਰੱਜੀ, ਸ਼ੈਲਜਾ, ਜਸਨੂਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਟੋਰੀ-ਟੈਲਿੰਗ ’ਚ ਜਸਲੀਨ ਔਜਲਾ, ਵੌਇਸ ਆਫ਼ ਕਨਵਿਕਸ਼ਨ ’ਚ ਤਰਨਜੀਤ ਕੌਰ ਅਤੇ ਵੀਡੀਓ ਐਡਿਟਿੰਗ ’ਚ ਰਮਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਨਿਊਜ਼ਰੂਮ ਲਾਈਵ ਮੁਕਾਬਲੇ ’ਚ ਵੈਦੇਹੀ, ਡੀਬੇਟ ਮੁਕਾਬਲੇ ’ਚ ਰਮਨਦੀਪ ਸਿੰਘ ਤੇ ਪ੍ਰਭਜੋਤ ਕੌਰ ਦੀ ਟੀਮ, ਲਾਈਵ ਰਿਪੋਰਟਿੰਗ ’ਚ ਰਮਨਦੀਪ ਸਿੰਘ ਤੇ ਨਿਖਿਲ ਅਤੇ ਸਟੈਂਡ-ਅੱਪ ਕਾਮੇਡੀ ’ਚ ਤਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਭਵਨੀਤ ਕੌਰ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਮਟ ਯੂਨੀਵਰਸਿਟੀ ਵੱਲੋਂ ਕਰਵਾਏ ਯੁਵਕ ਮੇਲੇ ‘ਕਾਰਵਾਂ-2026’ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਜਸਲੀਨ ਕੌਰ ਤੇ ਮਨਰੀਤ ਕੌਰ ਨੇ ਰੀਲ ਮੇਕਿੰਗ ’ਚ ਪਹਿਲਾ, ਵੈਦੇਹੀ ਨੇ ਲਾਈਵ ਰਿਪੋਰਟਿੰਗ ’ਚ ਪਹਿਲਾ, ਸੰਤੋਸ਼ ਨੇ ਫ਼ੋਟੋਗ੍ਰਾਫ਼ੀ ’ਚ ਪਹਿਲਾ, ਤਰਨਜੀਤ ਕੌਰ ਨੇ ਲੋਕ ਨਾਚ ’ਚ ਪਹਿਲਾ, ਪ੍ਰਭਜੋਤ ਕੌਰ ਤੇ ਰਮਨਦੀਪ ਸਿੰਘ ਨੇ ਡੀਬੇਟ ’ਚ ਪਹਿਲਾ ਅਤੇ ਕ੍ਰਿਸ਼ਨਾ ਨੇ ਸੈਮੀ-ਕਲਾਸੀਕਲ ਗਾਇਨ ’ਚ ਪਹਿਲਾ ਤੇ ਲੋਕ ਗੀਤ ’ਚ ਦੂਜਾ ਸਥਾਨ ਹਾਸਲ ਕੀਤਾ ਸੀ। ਲਘੂ ਫ਼ਿਲਮ ਮੁਕਾਬਲੇ ’ਚ ਜਸਲੀਨ ਕੌਰ, ਦਲਜੀਤ ਸਿੰਘ ਤੇ ਸੰਤੋਸ਼ ਦੀ ਟੀਮ ਨੇ ਦੂਸਰਾ ਅਤੇ ਰਮਨਦੀਪ ਸਿੰਘ ਨੇ ਕਵਿਤਾ ਉਚਾਰਨ ’ਚ ਤੀਸਰਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸੀਜੀਸੀ ਯੂਨੀਵਰਸਿਟੀ ਮੋਹਾਲੀ ਦੇ ਮੇਲੇ ‘ਸਵਿਸਕਾਰ’ ’ਚ ਵੀ ਸੰਤੋਸ਼ ਨੇ ਫ਼ੋਟੋਗ੍ਰਾਫ਼ੀ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਸੀ।