- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
650ਵੇਂ ਜਨਮ ਪੁਰਬ ਨੂੰ ਸਮਰਪਿਤ 1 ਦਸੰਬਰ ਤੋਂ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਤੋਂ 3 ਦਸੰਬਰ ਤੱਕ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ (ਰੂਟ 3) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰਾਜ-ਵਿਆਪੀ ਸਮਾਗਮਾਂ ਦੇ ਹਿੱਸੇ ਵਜੋਂ ਸਜਾਈ ਜਾਣ ਵਾਲੀ ਇਹ ਤਿੰਨ ਰੋਜ਼ਾ ਪਵਿੱਤਰ ਸ਼ੋਭਾ ਯਾਤਰਾ ਪਵਿੱਤਰ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਪਵਿੱਤਰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਦੀ ਅਧਿਆਤਮਕ ਅਗਵਾਈ ਸੰਤ ਨਿਰਮਲ ਦਾਸ ਕਰਨਗੇ। 1 ਦਸੰਬਰ, ਨੂੰ ਬਠਿੰਡਾ ਤੋਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸੰਤ ਸਮਾਜ ਤੇ ਸਥਾਨਕ ਸੰਗਤ ਦੇ ਨਾਲ ਮਿਲ ਕੇ ਉਹ ਕੀਰਤਨ, ਫੁੱਲਾਂ ਦੀ ਵਰਖਾ ਤੇ ਰਵਾਇਤੀ ਸ਼ਰਧਾ ਤੇ ਉਤਸ਼ਾਹ ਦਰਮਿਆਨ ਇਸ ਯਾਤਰਾ ਨੂੰ ਰਸਮੀ ਤੌਰ ’ਤੇ ਰਵਾਨਾ ਕਰਨਗੇ। ਯਾਤਰਾ ਦਾ ਪਹਿਲਾ ਪੜਾਅ ਪੂਰਾ ਕਰਕੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਪਹੁੰਚਣ ’ਤੇ ਸ਼ੋਭਾ ਯਾਤਰਾ ਦਾ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਅਮਨ ਅਰੋੜਾ, ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਵਾਗਤ ਕੀਤਾ ਜਾਵੇਗਾ। ਦੂਜੇ ਪ੍ਰਮੁੱਖ ਠਹਿਰਾਅ ਲਈ ਸ਼ਾਹੀ ਸ਼ਹਿਰ ਪਟਿਆਲਾ ’ਚ ਪ੍ਰਵੇਸ਼ ਕਰਨ ’ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਸ਼ਰਧਾਲੂਆਂ ਤੇ ਸਥਾਨਕ ਪਤਵੰਤਿਆਂ ਨਾਲ ਮਿਲ ਕੇ ਸ਼ੋਭਾ ਯਾਤਰਾ ਦੇ ਸਵਾਗਤ ਦੀ ਅਗਵਾਈ ਕਰਨਗੇ। ਤਿੰਨ ਦਿਨਾਂ ’ਚ ਲਗਭਗ 400 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਰੂਟ 3 ਦੀ ਰੂਪ-ਰੇਖਾ ਇਸ ਤਰ੍ਹਾਂ ਉਲੀਕੀ ਗਈ ਹੈ ਕਿ ਇਹ ਮਾਲਵਾ ਤੇ ਪੁਆਧ ਖੇਤਰਾਂ ਦੇ ਪ੍ਰਮੁੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਨੂੰ ਆਪਸ ’ਚ ਜੋੜੇਗੀ, ਤਾਂ ਜੋ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਦੀਆਂ ਸੰਗਤਾਂ ਰਸਤੇ ’ਚ ਨਤਮਸਤਕ ਹੋ ਸਕਣ। ਇਹ ਯਾਤਰਾ ਬਠਿੰਡਾ ਤੋਂ ਸ਼ੁਰੂ ਹੋ ਕੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਸੰਗਰੂਰ, ਸੁਨਾਮ, ਲਹਿਰਾਗਾਗਾ (ਪਹਿਲਾ ਠਹਿਰਾਅ), ਦਿੜ੍ਹਬਾ, ਭਵਾਨੀਗੜ੍ਹ, ਪਟਿਆਲਾ (ਦੂਜਾ ਠਹਿਰਾਅ), ਫਤਹਿਗੜ੍ਹ ਸਾਹਿਬ, ਮੋਰਿੰਡਾ, ਰੂਪਨਗਰ ਬਾਈਪਾਸ, ਬਲਾਚੌਰ ਤੇ ਗੜ੍ਹਸ਼ੰਕਰ ਤੋਂ ਹੁੰਦੀ ਹੋਈ ਖੁਰਾਲਗੜ੍ਹ ਪਹੁੰਚੇਗੀ। ਪਹਿਲੇ ਪੜਾਅ ’ਚ ਬਠਿੰਡਾ ਤੋਂ ਲਹਿਰਾਗਾਗਾ ਤੱਕ ਲਗਭਗ 160 ਕਿਲੋਮੀਟਰ, ਦੂਜੇ ਪੜਾਅ ’ਚ ਲਹਿਰਾਗਾਗਾ ਤੋਂ ਪਟਿਆਲਾ ਤੱਕ ਲਗਭਗ 83 ਕਿਲੋਮੀਟਰ ਅਤੇ ਤੀਜੇ ਪੜਾਅ ’ਚ ਪਟਿਆਲਾ ਤੋਂ ਖੁਰਾਲਗੜ੍ਹ ਤੱਕ ਲਗਭਗ 150 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਕੁੱਲ ਮਿਲਾ ਕੇ ਇਹ ਯਾਤਰਾ ਪੰਜਾਬ ਭਰ ਦੇ 16 ਪ੍ਰਮੁੱਖ ਸਥਾਨਾਂ ਨੂੰ ਛੂੰਹਦੀ ਹੋਈ ਲਗਭਗ 400 ਕਿਲੋਮੀਟਰ ਦਾ ਸਫ਼ਰ ਪੂਰਾ ਕਰੇਗੀ।