ਮੰਡੀ ਗੋਬਿੰਦਗੜ੍ਹ 'ਚ ਵਿਆਹੁਤਾ ਵੱਲੋਂ ਫਾਹਾ ਲਗਾ ਕੀਤੀ ਆਤਮਹੱਤਿਆ, ਪਤੀ 'ਤੇ ਲੱਗੇ ਕੁੱਟਮਾਰ ਤੇ ਤੰਗ ਕਰਨ ਦੇ ਦੋਸ਼; ਪੁਲਿਸ ਨੇ ਕੀਤਾ ਗ੍ਰਿਫ਼ਤਾਰ ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਇਲਾਕੇ 'ਚ ਇੱਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗਿਆਨ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 29 ਸਾਲਾ ਧੀ ਸੁਖਵਿੰਦਰ ਕੌਰ ਦਾ ਵਿਆਹ ਲਗਭਗ ਤਿੰਨ ਸਾਲ ਪਹਿਲਾਂ ਨਸਰਾਲੀ ਦੇ ਰਹਿਣ ਵਾਲੇ ਗਿਆਨ ਸਿੰਘ ਨਾਲ ਹੋਇਆ ਸੀ। ਪਿਤਾ ਦਾ ਦੋਸ਼ ਹੈ ਕਿ ਗਿਆਨ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਸੁਖਵਿੰਦਰ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਉਹ ਘਰ ਦਾ ਜ਼ਰੂਰੀ ਰਾਸ਼ਨ ਅਤੇ ਸਾਮਾਨ ਵੀ ਨਹੀਂ ਲਿਆਉਂਦਾ ਸੀ।
Publish Date: Thu, 23 Jul 2026 04:23 PM (IST)
Updated Date: Thu, 23 Jul 2026 04:24 PM (IST)
ਦੀਪਕ ਸੂਦ, ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਇਲਾਕੇ 'ਚ ਇੱਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗਿਆਨ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 29 ਸਾਲਾ ਧੀ ਸੁਖਵਿੰਦਰ ਕੌਰ ਦਾ ਵਿਆਹ ਲਗਭਗ ਤਿੰਨ ਸਾਲ ਪਹਿਲਾਂ ਨਸਰਾਲੀ ਦੇ ਰਹਿਣ ਵਾਲੇ ਗਿਆਨ ਸਿੰਘ ਨਾਲ ਹੋਇਆ ਸੀ। ਪਿਤਾ ਦਾ ਦੋਸ਼ ਹੈ ਕਿ ਗਿਆਨ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਸੁਖਵਿੰਦਰ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਉਹ ਘਰ ਦਾ ਜ਼ਰੂਰੀ ਰਾਸ਼ਨ ਅਤੇ ਸਾਮਾਨ ਵੀ ਨਹੀਂ ਲਿਆਉਂਦਾ ਸੀ।
ਪ੍ਰੀਤਮ ਸਿੰਘ ਅਨੁਸਾਰ, ਘਟਨਾ ਤੋਂ ਦੋ ਦਿਨ ਪਹਿਲਾਂ ਸੁਖਵਿੰਦਰ ਕੌਰ ਨੇ ਫੋਨ 'ਤੇ ਆਪਣੀ ਬੇਬਸੀ ਜਤਾਈ ਸੀ। ਉਸ ਨੇ ਦੱਸਿਆ ਸੀ ਕਿ ਉਹ ਦੋ-ਤਿੰਨ ਦਿਨਾਂ ਤੋਂ ਬੀਮਾਰ ਚੱਲ ਰਹੀ ਹੈ, ਪਰ ਉਸ ਦਾ ਪਤੀ ਉਸ ਨੂੰ ਦਵਾਈ ਵੀ ਨਹੀਂ ਦਿਵਾ ਰਿਹਾ। ਇਸ ਦੇ ਕੁਝ ਹੀ ਸਮੇਂ ਬਾਅਦ, ਜਵਾਈ ਗਿਆਨ ਸਿੰਘ ਨੇ ਸੁਖਵਿੰਦਰ ਦੀ ਭੈਣ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਸੁਖਵਿੰਦਰ ਨੇ ਫਾਹਾ ਲਗਾ ਲਿਆ ਹੈ।
ਜਦੋਂ ਪੇਕੇ ਪਰਿਵਾਰ ਦੇ ਲੋਕ ਮੌਕੇ 'ਤੇ ਪਹੁੰਚੇ, ਤਾਂ ਸੁਖਵਿੰਦਰ ਦੀ ਲਾਸ਼ ਬੈੱਡ 'ਤੇ ਪਈ ਸੀ ਅਤੇ ਚੁੰਨੀ ਦਾ ਇੱਕ ਸਿਰਾ ਪੱਖੇ ਨਾਲ ਲਮਕ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੁਖਵਿੰਦਰ ਨੇ ਆਪਣੇ ਪਤੀ ਦੀ ਤੰਗ-ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਇਹ ਖੌਫ਼ਨਾਕ ਕਦਮ ਚੁੱਕਿਆ ਹੈ। ਥਾਣਾ ਮੰਡੀ ਗੋਬਿੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਤਾ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਪਤੀ ਗਿਆਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।