
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਨ ਦਲ ਦੇ ਕਈ ਸਮਰਥਕ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ : ਭੁੱਟਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਹਰਭਜਨ ਕੌਰ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਦੀ ਪ੍ਰੇਰਨਾ ਸਦਕਾ ਪਿੰਡ ਨਡਿਆਲੀ ਦੇ ਨਰਾਇਣ ਸਿੰਘ, ਕੁਲਦੀਪ ਕੌਰ ਅਤੇ ਅਵਤਾਰ ਸਿੰਘ ਮਾਨ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦਾ ਸਨਮਾਨ ਕੀਤਾ। ਇਸ ਮੌਕੇ ਨਰਾਇਣ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਲੋਕ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਹੱਕਾਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ’ਚ ਬੇਮਿਸਾਲ ਵਿਕਾਸ ਹੋਇਆ ਸੀ। ਉਨ੍ਹਾਂ ਇਸਤਰੀ ਵਿੰਗ ਦੀਆਂ ਆਗੂਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਆਗੂ ਪਾਰਟੀ ’ਚ ਸ਼ਾਮਲ ਹੋਣਗੇ। ਇਸ ਮੌਕੇ ਮਨਦੀਪ ਸਿੰਘ ਨਡਿਆਲੀ, ਹਰਿੰਦਰ ਸਿੰਘ ਨਡਿਆਲੀ, ਭੁਪਿੰਦਰ ਸਿੰਘ ਪੰਮੀ ਬਡਾਲੀ ਆਲਾ ਸਿੰਘ ਅਤੇ ਮਨਮੀਤ ਕੌਰ ਸਮੇਤ ਹੋਰ ਪਤਵੰਤੇ ਮੌਜੂਦ ਸਨ।