ਜਰੂਰੀ) ਅੰਬੇ ਮਾਜਰਾ ਦੇ ਕਈ ਆਗੂ ਭਾਜਪਾ ਵਿਚ ਸ਼ਾਮਲ
ਅੰਬੇ ਮਾਜਰਾ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ
Publish Date: Mon, 16 Feb 2026 04:54 PM (IST)
Updated Date: Mon, 16 Feb 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਰਹਿਨੁਮਾਈ ਹੇਠ ਅੰਬੇ ਮਾਜਰਾ ਦੇ ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂ 'ਭਾਜਪਾ' ਵਿਚ ਸ਼ਾਮਲ ਹੋਏ। ਨਵੇਂ ਸ਼ਾਮਲ ਹੋਏ ਆਗੂਆਂ ਡਾ. ਜਗਜੀਤ ਸਿੰਘ, ਗੁਰਪ੍ਰੀਤ ਚੀਮਾਂ, ਪਰਮਜੀਤ ਸਿੰਘ ਭੰਗੂ, ਚਰਨਜੀਤ ਸਿੰਘ ਚੀਮਾਂ, ਹਰਜੋਤ ਸਿੰਘ, ਸੁਰਿੰਦਰ ਕੁਮਾਰ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਤੇ ਸੰਦੀਪ ਸਿੰਘ ਆਦਿ ਦਾ ਸਵਾਗਤ ਕਰਦਿਆਂ ਦੀਦਾਰ ਸਿੰਘ ਭੱਟੀ ਅਤੇ ਕੰਵਰਵੀਰ ਟੌਹੜਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿੱਤ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੀ ਗਿਣਤੀ ਵਿੱਚ ਆਗੂ ਭਾਜਪਾ ਨਾਲ ਜੁੜ ਰਹੇ ਹਨ, ਜੋ ਕਿ ਪਾਰਟੀ ਦੀ ਮਜ਼ਬੂਤੀ ਦਾ ਸਪੱਸ਼ਟ ਸੰਕੇਤ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਲੋਕਾਂ ਨਾਲ ਜੁੜੀ ਪਾਰਟੀ ਹੈ, ਜੋ ਸੱਤਾ ਲਈ ਨਹੀਂ ਸਗੋਂ ਲੋਕ-ਸੇਵਾ ਲਈ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 'ਭਾਜਪਾ' ਦੇ ਵੱਧ ਰਹੇ ਪ੍ਰਭਾਵ ਤੋਂ 'ਆਪ' ਆਗੂਆਂ ਵਿਚ ਡਰ ਪੈਦਾ ਹੋ ਗਿਆ ਹੈ। ਇਸ ਦਾ ਹੀ ਕਾਰਨ ਹੈ ਕਿ ਲੰਘੇ ਦਿਨ ਦੇਸ਼ ਭਗਤ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਰੋਕਣ ਲਈ ਧਰਨਾ-ਪ੍ਰਦਰਸ਼ਨ ਕਰਨਾ 'ਆਪ' ਦੀਆਂ ਕਮਜ਼ੋਰੀਆਂ ਅਤੇ ਡਰ ਨੂੰ ਦਰਸਾਉਂਦਾ ਹੈ। ਜਦੋਂ ਕਿ 'ਆਪ' ਦੇ ਦਿੱਲੀ ਦੇ ਆਗੂ ਤੀਸਰੇ ਦਿਨ ਪੰਜਾਬ ਦਾ ਰੁਖ਼ ਕਰ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਂਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ, ਮਹਿੰਗਾਈ ਅਤੇ ਵਿਕਾਸ ਦੀ ਕਮੀ ਨੇ ਪੰਜਾਬ ਦੀ ਆਮ ਜਨਤਾ ਨੂੰ ਨਿਰਾਸ਼ ਕੀਤਾ ਹੈ। ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਦੇ ਦੁੱਖ-ਦਰਦ ਨੂੰ ਸਮਝਦੀ ਹੈ ਅਤੇ ਉਨ੍ਹਾਂ ਲਈ ਡਟ ਕੇ ਆਵਾਜ਼ ਚੁੱਕਦੀ ਹੈ। ਆਗੂਆਂ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਹਲਕਾ ਅਮਲੋਹ ਦੇ ਇੰਚਾਰਜ ਅਤੇ ਸੂਬਾ ਸਕੱਤਰ ਪੰਜਾਬ ਇੰਜ. ਕੰਵਰਵੀਰ ਸਿੰਘ ਟੌਹੜਾ ਦੇ ਨਾਲ ਪੰਡਤ ਦੇਵੀ ਦਿਆਲ, ਰਾਕੇਸ਼ ਗੁਪਤਾ, ਮੰਡਲ ਪ੍ਰਧਾਨ ਰਾਜੀਵ ਵਰਮਾ, ਗੁਰਮਨ ਢੀਂਡਸਾ, ਰਵਿੰਦਰ ਸਿੰਘ ਪਦਮ, ਰਾਜੇਸ਼ ਧਵਨ, ਭੁਪਿੰਦਰ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿਚ ਕਾਰਕੁੰਨ ਮੌਜੂਦ ਸਨ।