- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟ੍ਰੇਡਿੰਗ ਵਿੱਚ ਪੈਸੇ ਲਗਾ ਕੇ ਉਸ ਨੂੰ ਦੁੱਗਣਾ ਕਰਨ ਦਾ ਲਾਲਚ ਦੇ ਕੇ ਅਣਪਛਾਤੇ ਠੱਗਾਂ ਨੇ ਪਿੰਡ ਸੰਘੋਲ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਨਾਲ 21 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਜਿਸ 'ਤੇ ਸਾਈਬਰ ਕ੍ਰਾਈਮ ਥਾਣਾ ਫ਼ਤਿਹਗੜ੍ਹ ਸਾਹਿਬ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਦੀਪਕ ਸੂਦ, ਫ਼ਤਿਹਗੜ੍ਹ ਸਾਹਿਬ। ਟ੍ਰੇਡਿੰਗ ਵਿੱਚ ਪੈਸੇ ਲਗਾ ਕੇ ਉਸ ਨੂੰ ਦੁੱਗਣਾ ਕਰਨ ਦਾ ਲਾਲਚ ਦੇ ਕੇ ਅਣਪਛਾਤੇ ਠੱਗਾਂ ਨੇ ਪਿੰਡ ਸੰਘੋਲ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਨਾਲ 21 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਜਿਸ 'ਤੇ ਸਾਈਬਰ ਕ੍ਰਾਈਮ ਥਾਣਾ ਫ਼ਤਿਹਗੜ੍ਹ ਸਾਹਿਬ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 63 ਸਾਲਾ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਹ ਸਾਲ 2005 ਵਿੱਚ ਕੁਵੈਤ ਗਿਆ ਸੀ ਅਤੇ ਫਰਵਰੀ 2024 ਵਿੱਚ ਵਾਪਸ ਦੇਸ਼ ਪਰਤ ਆਇਆ ਸੀ ਅਤੇ ਪ੍ਰਾਈਵੇਟ ਕੰਮ ਕਰਨ ਲੱਗ ਪਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੈਂਕ ਖਾਤਾ HDFC ਮੋਰਿੰਡਾ ਬ੍ਰਾਂਚ ਵਿੱਚ ਹੈ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦਾ ਖਾਤਾ SBI ਦੀ ਸੰਘੋਲ ਬ੍ਰਾਂਚ ਵਿੱਚ ਹੈ, ਜਿੱਥੋਂ ਉਹ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਉਨ੍ਹਾਂ ਦੱਸਿਆ ਕਿ 11 ਅਗਸਤ 2024 ਨੂੰ ਉਹ ਫੋਨ 'ਤੇ ਇੰਸਟਾਗ੍ਰਾਮ ਦੇਖ ਰਹੇ ਸਨ ਅਤੇ ਇੱਕ ਇਸ਼ਤਿਹਾਰ ਆਇਆ ਕਿ 'ਘਰ ਬੈਠੇ ਪੈਸੇ ਕਮਾਓ'।
ਜਿਸ 'ਤੇ ਉਨ੍ਹਾਂ ਨੇ ਕਲਿੱਕ ਕਰ ਕੇ ਆਪਣਾ ਫੋਨ ਨੰਬਰ 81468-04545 ਭਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੋਬਾਈਲ ਨੰਬਰ 72049-12710 ਤੋਂ ਇੱਕ ਔਰਤ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਉਹ ਆਪਣੇ ਪੈਸੇ ਟ੍ਰੇਡਿੰਗ ਵਿੱਚ ਲਗਾ ਸਕਦੇ ਹਨ, ਜੋ ਕੁਝ ਹੀ ਸਮੇਂ ਵਿੱਚ ਦੁੱਗਣੇ ਹੋ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ 'ਮਿਜ਼ੂਰੀ ਗੋਲਡ' (Mizuri Gold) ਨਾਮ ਦੇ ਗਰੁੱਪ ਵਿੱਚ ਐਡ ਕੀਤਾ ਗਿਆ ਅਤੇ ਬਾਅਦ ਵਿੱਚ ਮੋਬਾਈਲ ਨੰਬਰ 81868-83625 ਅਤੇ 73490-12188 ਤੋਂ ਫੋਨ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ 19 ਵੱਖ-ਵੱਖ ਖਾਤਾ ਨੰਬਰ ਅਤੇ ਉਨ੍ਹਾਂ ਦੇ IFSC ਕੋਡ ਭੇਜੇ।
ਜਿਸ ਵਿੱਚ ਉਨ੍ਹਾਂ ਨੇ ਆਪਣੇ ਖਾਤੇ ਅਤੇ ਆਪਣੀ ਪਤਨੀ ਦੇ ਖਾਤੇ ਵਿੱਚੋਂ ਅਗਸਤ 2024 ਤੋਂ ਦਸੰਬਰ 2024 ਤੱਕ ਉਨ੍ਹਾਂ ਦੇ ਕਹਿਣ ਮੁਤਾਬਕ 21,08,275 ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਠੱਗਾਂ ਨੇ ਉਕਤ ਮੋਬਾਈਲ ਨੰਬਰਾਂ ਤੋਂ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੇ ਪੈਸੇ ਜਲਦੀ ਹੀ ਉਨ੍ਹਾਂ ਦੇ ਖਾਤੇ ਵਿੱਚ ਆ ਜਾਣਗੇ।
ਪਰ ਮਾਰਚ 2025 ਤੱਕ ਕੋਈ ਪੈਸਾ ਨਹੀਂ ਆਇਆ ਅਤੇ ਉਕਤ ਤਿੰਨਾਂ ਦੇ ਮੋਬਾਈਲ 'ਤੇ ਫੋਨ ਕਰਨ 'ਤੇ ਉਨ੍ਹਾਂ ਦੇ ਨੰਬਰ ਹੀ ਬੰਦ ਆਉਣ ਲੱਗੇ। ਜਿਸ ਤੋਂ ਉਨ੍ਹਾਂ ਨੂੰ ਸਮਝ ਆ ਗਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਕ੍ਰਿਪਾਲ ਸਿੰਘ ਦੇ ਬਿਆਨਾਂ 'ਤੇ ਤਿੰਨ ਅਣਪਛਾਤੇ ਠੱਗਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਈਬਰ ਠੱਗ ਵੱਖ-ਵੱਖ ਲਾਲਚ ਦੇ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਅਜਿਹੇ 'ਚ ਕਿਸੇ ਵੀ ਲੁਭਾਵਨੇ ਇਸ਼ਤਿਹਾਰ ਨੂੰ ਦੇਖ ਕੇ ਲਾਲਚ 'ਚ ਨਾ ਆਓ ਅਤੇ ਪਹਿਲਾਂ ਉਸ ਦੀ ਪੂਰੀ ਜਾਂਚ ਕਰ ਲਓ। ਇਸ ਤੋਂ ਇਲਾਵਾ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਭੇਜਿਆ ਕੋਈ ਵੀ ਲਿੰਕ ਓਪਨ ਨਾ ਕਰੋ ਤਾਂ ਜੋ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।