- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪਿੰਡ ਕੋਟਲਾ ਭਾਈ ’ਚ ਕਾਨੂੰਨੀ ਜਾਗਰੂਕਤਾ ਕੈਂਪ ਆਯੋਜਿਤ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਕੂਲ ਆਫ਼ ਲਾਅ ਦੀ ਲੀਗਲ ਏਡ ਸੁਸਾਇਟੀ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਕੋਟਲਾ ਭਾਈ ਵਿਖੇ ‘ਜਸਟਿਸ ਐਟ ਦਾ ਡੋਰਸਟੈੱਪ’ ਨਾਮ ਹੇਠ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਸਕੂਲ ਆਫ਼ ਲਾਅ ਦੀ ਮੁਖੀ ਅਤੇ ਡੀਨ ਪ੍ਰੋ. ਡਾ. ਅਮਿਤਾ ਕੌਸ਼ਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਲੀਗਲ ਏਡ ਕਲੀਨਿਕ ਇੰਚਾਰਜ ਅਤੇ ਕਨਵੀਨਰ ਡਾ. ਨਵਨੀਤ ਕੌਰ ਨੇ ਨਿਭਾਈ। ਇਸ ਦੌਰਾਨ ਫੈਕਲਟੀ ਤਾਲਮੇਲਕਾਰ ਨੂਰਕਮਲ ਕੌਰ ਅਤੇ ਅਸ਼ਵੀਰ ਕੌਰ ਸਰਾਓ ਨੇ ਵੀ ਸਹਿਯੋਗ ਦਿੱਤਾ। ਕੈਂਪ ਦੌਰਾਨ 25 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਦਿਆਂ ਪਿੰਡ ਵਾਸੀਆਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 14, 21 ਅਤੇ 22 ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਮਾਨਤਾ, ਜੀਵਨ ਅਤੇ ਨਿੱਜੀ ਆਜ਼ਾਦੀ ਦੇ ਹੱਕ ਸਮੇਤ ਗ੍ਰਿਫ਼ਤਾਰੀ ਤੇ ਹਿਰਾਸਤ ਤੋਂ ਬਚਾਅ ਲਈ ਸੰਵਿਧਾਨਕ ਸੁਰੱਖਿਆ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸਿੱਖਿਆ, ਰੁਜ਼ਗਾਰ, ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ ਗਿਆ। ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਕਾਨੂੰਨੀ ਹੱਕਾਂ ਬਾਰੇ ਵਿਚਾਰ-ਚਰਚਾ ਕੀਤੀ। ਪ੍ਰਬੰਧਕਾਂ ਵੱਲੋਂ ਸਰਪੰਚ ਚਰਨਜੀਤ ਕੌਰ, ਪੰਚਾਇਤ ਮੈਂਬਰ ਸਿਮਰਜੀਤ ਕੌਰ ਅਤੇ ਸਮੁੱਚੀ ਪੰਚਾਇਤ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।