- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਦੀਆਂ ਉੱਡ ਰਹੀਆਂ ਨੇ ਧੱਜੀਆਂ : ਹਰਬੰਸ ਲਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਹੈ ਕਿ ਸੰਗਰੂਰ ਪੁਲਿਸ ਵੱਲੋਂ ਮੋਹਨਜੀਤ ਸਿੰਘ ਸ਼ੇਰੋ ‘ਤੇ ਕੀਤਾ ਤਸ਼ੱਦਦ ਸਾਬਤ ਕਰਦਾ ਹੈ ਕਿ ‘ਆਪ’ ਸਰਕਾਰ ਬੇਲਗਾਮ ਹੋ ਚੁੱਕੀ ਹੈ। ਮੋਹਨਜੀਤ ਸਿੰਘ ਨੇ ਸਿਰਫ਼ ਕੋਠੇ ‘ਤੇ ਚੜ੍ਹ ਕੇ ਕਾਲਾ ਝੰਡਾ ਲਹਿਰਾ ਕੇ ਲੋਕਤੰਤਰੀ ਢੰਗ ਨਾਲ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਸਵਾਲ ਪੁੱਛਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਖ਼ੁਦਕਸ਼ੀ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਰਕਰਾਂ ਵੱਲੋਂ ਮਾਫ਼ੀ ਮੰਗਣ ਲਈ ਦਬਾਅ ਪਾਉਣ ਕਾਰਨ ਮਜ਼ਦੂਰ ਨੇ ਸਲਫਾਸ ਖਾਧੀ ਅਤੇ ਸਰਕਾਰ ਨੇ ਪੁਲਿਸ ਪਹਿਰੇ ’ਚ ਉਸ ਦਾ ਸਸਕਾਰ ਕਰਵਾ ਦਿੱਤਾ। ਪੰਜਾਬ ’ਚ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਲੋਕਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ 2027 ਦੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਾ ਕੇ ਮੂੰਹ ਤੋੜ ਜਵਾਬ ਦੇਣਗੇ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੀਬੀਆਈ ਜਾਂ ਐਨਆਈਏ ਜਾਂਚ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਭੇਜੀ ਜਾਵੇਗੀ। ਇਸ ਮੌਕੇ ਐਡਵੋਕੇਟ ਆਸ਼ਾ ਸੂਦ, ਅਨੀਤਾ ਗੋਇਲ, ਆਸ਼ੀਸ਼ ਕੁਮਾਰ ਸੂਦ, ਗੁਰਮੇਲ ਸਿੰਘ ਛਲੇੜੀ ਕਲਾਂ, ਨਿਸ਼ੀਕਾਂਤ ਗੋਇਲ, ਸੁਨੀਲ ਕੁਮਾਰ ਸੂਦ, ਜਗਬੀਰ ਸਿੰਘ ਤਰਖੇੜੀ, ਵਿਜੇ ਕੁਮਾਰ, ਰਾਜਨ ਸੂਦ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।