- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਪੂਰੀਆਂ ਨਾ ਹੋਣ ’ਤੇ ਚੋਣਾਂ ’ਚ ਸਰਕਾਰ ਦਾ ਵਿਰੋਧ ਕਰੇਗੀ ਨੰਬਰਦਾਰ ਯੂਨੀਅਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਸੂਬਾ ਸਰਕਾਰ ਵੱਲੋਂ ਚੋਣ ਮੈਨੀਫੈਸਟੋ ’ਚ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਪੰਜਾਬ ਨੰਬਰਦਾਰ ਯੂਨੀਅਨ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖਮਾਣੋ ਵਿਖੇ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕਾਂ ਅਤੇ ਸਰਕਾਰ ਵਿਚਕਾਰ ਕੜੀ ਵਜੋਂ ਕੰਮ ਕਰਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨੀਆਂ ਚਾਹੀਦੀਆਂ ਸਨ। ਜੇਕਰ ਹੁਣ ਵੀ ਸਰਕਾਰ ਨੇ ਵਾਜਬ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਗਾਮੀ ਚੋਣਾਂ ’ਚ ਮੌਜੂਦਾ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜੱਦੀ-ਪੁਸ਼ਤੀ ਨੰਬਰਦਾਰੀ ਬਹਾਲ ਕੀਤੀ ਜਾਵੇ, ਲੋਕਲ ਕਮੇਟੀਆਂ ’ਚ ਨੁਮਾਇੰਦਗੀ ਦਿੱਤੀ ਜਾਵੇ, ਪ੍ਰਬੰਧਕੀ ਕੰਪਲੈਕਸ ’ਚ ਬੈਠਣ ਲਈ ਢੁਕਵੀਂ ਥਾਂ ਮੁਹੱਈਆ ਕਰਵਾਈ ਜਾਵੇ, ਰਜਿਸਟਰੀਆਂ ਅਤੇ ਸਰਕਾਰੀ ਸਰਟੀਫਿਕੇਟਾਂ ਦੀ ਤਸਦੀਕ ਸਿਰਫ਼ ਨੰਬਰਦਾਰਾਂ ਤੋਂ ਕਰਵਾਉਣ ਦੀ ਸ਼ਰਤ ਲਾਗੂ ਕੀਤੀ ਜਾਵੇ ਅਤੇ ਹਰਿਆਣਾ ਦੀ ਤਰਜ਼ ’ਤੇ ਪੰਜਾਬ ਅੰਦਰ ਮੁਫ਼ਤ ਬੱਸ ਤੇ ਰੇਲ ਸਫ਼ਰ ਦੀ ਸਹੂਲਤ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪ੍ਰਸ਼ਾਸਨ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਦੁਕਾਨਾਂ ’ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਚੈਕਿੰਗ ਦੇ ਨਾਲ-ਨਾਲ ਮੋਟਰਸਾਈਕਲਾਂ ’ਤੇ ਘਟੀਆ ਕਿਸਮ ਦਾ ਪਲਾਸਟਿਕ ਵੇਚਣ ਵਾਲੇ ਪ੍ਰਵਾਸੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਖਮਾਣੋ ਅਨਾਜ ਮੰਡੀ ਦੇ ਸ਼ੈੱਡਾਂ ਹੇਠ ਪਏ ਪੁਰਾਣੇ ਅਨਾਜ ਨੂੰ ਤੁਰੰਤ ਚੁੱਕਵਾਉਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਇੰਦਰਜੀਤ ਸਿੰਘ ਖੰਟ, ਮਹਿੰਦਰ ਸਿੰਘ ਜਟਾਣਾ ਨੀਵਾਂ, ਧਰਮ ਸਿੰਘ ਖਮਾਣੋ, ਨਿਰਮਲਜੀਤ ਸਿੰਘ ਬਰਵਾਲੀ, ਜੱਗਾ ਸਿੰਘ ਜਟਾਣਾ ਉੱਚਾ, ਬਲਦੇਵ ਸਿੰਘ, ਕੁਲਵੰਤ ਬਦੇਸ਼ਾਂ, ਨਿਰਮਲ ਸਿੰਘ ਮੋਹਣ ਮਾਜਰਾ, ਸੋਹਣ ਸਿੰਘ ਅਮਰਾਲਾ ਅਤੇ ਜਗਤਾਰ ਸਿੰਘ ਭੱਟੀਆਂ ਮੌਜੂਦ ਸਨ।