- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੂੰ ਪੰਜਾਬ ਵਿੱਚ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਕੋ-ਚੇਅਰਮੈਨ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਉਪਰੰਤ, ਸ. ਨਾਗਰਾ ਆਪਣੇ ਸਾਥੀਆਂ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਪੱਤਰ ਪ੍ਰੇਰਕ, ਫ਼ਤਿਹਗੜ੍ਹ ਸਾਹਿਬ : ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੂੰ ਪੰਜਾਬ ਵਿੱਚ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਕੋ-ਚੇਅਰਮੈਨ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਉਪਰੰਤ, ਸ. ਨਾਗਰਾ ਆਪਣੇ ਸਾਥੀਆਂ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਅਰਦਾਸ ਕੀਤੀ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਨਿਭਾ ਸਕਣ।
ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਗੱਲਬਾਤ ਕਰਦਿਆਂ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ਲਈ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਅਤੇ ਲੋਕਾਂ ਨਾਲ ਹੋਰ ਨੇੜੇ ਜੋੜਨ ਦਾ ਇੱਕ ਵੱਡਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਕੋ-ਚੇਅਰਮੈਨ ਵਜੋਂ ਸੰਗਠਨ ਦੇ ਹਰ ਆਗੂ, ਵਰਕਰ ਅਤੇ ਸਮਰਥਕ ਨੂੰ ਨਾਲ ਲੈ ਕੇ ਪਾਰਟੀ ਨੂੰ ਬੂਥ ਪੱਧਰ ਤੋਂ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਨਾਗਰਾ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਇਸ ਵੇਲੇ ਇਕ ਅਹਿਮ ਮੋੜ ‘ਤੇ ਖੜੀ ਹੈ ਅਤੇ ਸੂਬੇ ਦੇ ਲੋਕ ਬਦਲਾਅ ਦੀ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀਆਂ ਆਵਾਜ਼ਾਂ ਨੂੰ ਉਠਾਉਣ ਵਾਲੀ ਪਾਰਟੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਪੰਜਾਬ ਦੇ ਲੋਕਾਂ ਦੇ ਹੱਕਾਂ, ਮੁੱਦਿਆਂ ਅਤੇ ਉਮੀਦਾਂ ਨੂੰ ਪਹਿਲ ਦੇ ਅਧਾਰ ‘ਤੇ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਵਰਕਰਾਂ ਨੂੰ ਇਕੱਠਾ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਮਜ਼ਬੂਤ ਰਣਨੀਤੀ ਤਿਆਰ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਸੇਵਾ ਦੀ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਦੀ ਤਾਕਤ ਬਖ਼ਸ਼ੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਸਿੱਖ ਇਤਿਹਾਸ, ਕੁਰਬਾਨੀ ਅਤੇ ਆਤਮਿਕ ਸ਼ਕਤੀ ਦਾ ਪ੍ਰਤੀਕ ਹੈ ਅਤੇ ਇਸ ਧਰਤੀ ‘ਤੇ ਮੱਥਾ ਟੇਕ ਕੇ ਉਨ੍ਹਾਂ ਨੇ ਲੋਕ ਸੇਵਾ ਦੇ ਰਾਹ ‘ਤੇ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਦਾ ਸੰਕਲਪ ਲਿਆ ਹੈ।
ਇਸ ਮੌਕੇ ਸ. ਨਾਗਰਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਅੱਜ ਹਕੀਕਤ ਵਿੱਚ ਪੂਰੇ ਹੁੰਦੇ ਨਹੀਂ ਦਿਖ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਔਰਤਾਂ ਨੂੰ ਆਰਥਿਕ ਮਦਦ ਦੇਣ ਦੇ ਨਾਮ ‘ਤੇ ਕੀਤਾ ਗਿਆ ਵਾਅਦਾ ਹੁਣ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਆਪਣੀ ਗੱਲ ‘ਤੇ ਕਾਇਮ ਹੁੰਦੀ ਤਾਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਲੰਮੇ ਸਮੇਂ ਤੋਂ ਬਣਦੀ ਰਕਮ ਇੱਕ ਵਾਰਗੀ ਜਾਂ ਨਿਯਮਿਤ ਢੰਗ ਨਾਲ ਔਰਤਾਂ ਦੇ ਖਾਤਿਆਂ ਵਿੱਚ ਪਾਈ ਜਾਂਦੀ, ਪਰ ਹੁਣ ਹਾਲਾਤ ਇਹ ਹਨ ਕਿ ਪੰਜਾਬ ਦੀਆਂ ਅੱਧੀਆਂ ਤੋਂ ਵੀ ਘੱਟ ਔਰਤਾਂ ਤੱਕ ਸੀਮਿਤ ਤੌਰ ‘ਤੇ ਰਕਮ ਪਹੁੰਚਾ ਕੇ ਸਰਕਾਰ ਇਸਨੂੰ ਵੱਡੀ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀਆਂ ਮਾਵਾਂ-ਭੈਣਾਂ ਦੇ ਸਨਮਾਨ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਤਰ੍ਹਾਂ ਦੀ ਰਾਜਨੀਤੀ ਲੋਕਾਂ ਨਾਲ ਧੋਖੇ ਤੋਂ ਘੱਟ ਨਹੀਂ।
ਬਿਜਲੀ ਸੰਕਟ ਅਤੇ ਕਿਸਾਨੀ ਹਾਲਾਤਾਂ ਬਾਰੇ ਗੱਲ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਖੁਸ਼ਹਾਲ, ਵਿਕਸਤ ਅਤੇ ਕਿਸਾਨ-ਪੱਖੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ ਲਗਾਤਾਰ ਬਿਜਲੀ ਕੱਟਾਂ ਕਾਰਨ ਕਿਸਾਨ ਬਹੁਤ ਪਰੇਸ਼ਾਨ ਹਨ। ਖੇਤਾਂ ਵਿੱਚ ਲੱਗੀਆਂ ਫਸਲਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ‘ਤੇ ਕਿਸਾਨ ਮਜ਼ਬੂਰੀ ਵਸ਼ ਆਪਣੇ ਪੱਧਰ ‘ਤੇ ਜਨਰੇਟਰ ਚਲਾ ਕੇ ਟਿਊਬਵੈੱਲਾਂ ਰਾਹੀਂ ਫਸਲਾਂ ਨੂੰ ਪਾਣੀ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ‘ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਾਲਾਤ ਇਸ ਗੱਲ ਦਾ ਸਾਫ਼ ਸਬੂਤ ਹਨ ਕਿ ਸਰਕਾਰ ਦੇ ਦਾਅਵੇ ਕਾਗਜ਼ਾਂ ਤੱਕ ਸੀਮਿਤ ਹਨ ਅਤੇ ਲੋਕ ਅਸਲ ਸਹੂਲਤਾਂ ਲਈ ਅਜੇ ਵੀ ਤਰਸ ਰਹੇ ਹਨ।
ਨਾਗਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਵਾਅਦਿਆਂ ਅਤੇ ਇਸ਼ਤਿਹਾਰਾਂ ਦੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਅਤੇ ਉਹ ਹਕੀਕਤੀ ਕੰਮ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਸੂਬੇ ਦੀ ਮੌਜੂਦਾ ਸਰਕਾਰ ਨੂੰ ਉਸਦੇ ਅਧੂਰੇ ਵਾਅਦਿਆਂ, ਨਾਕਾਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਲਈ ਘੇਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਅਤੇ ਵਪਾਰੀ ਵਰਗ ਅੱਜ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ਵਰਗਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਜ਼ਮੀਨੀ ਕੰਮ ਦੀ ਲੋੜ ਹੈ, ਨਾ ਕਿ ਕੇਵਲ ਰਾਜਨੀਤਿਕ ਐਲਾਨਾਂ ਦੀ।
ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਸੀਨੀਅਰ ਆਗੂ, ਵਰਕਰ ਅਤੇ ਸਮਰਥਕ ਵੀ ਮੌਜੂਦ ਸਨ। ਸਾਰੇ ਆਗੂਆਂ ਅਤੇ ਵਰਕਰਾਂ ਨੇ ਸ. ਕੁਲਜੀਤ ਸਿੰਘ ਨਾਗਰਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਅਤੇ ਤਜਰਬੇ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ। ਪਾਰਟੀ ਆਗੂਆਂ ਨੇ ਕਿਹਾ ਕਿ ਸ. ਨਾਗਰਾ ਲੰਮੇ ਸਮੇਂ ਤੋਂ ਜਨਤਕ ਜੀਵਨ ਵਿੱਚ ਸਰਗਰਮ ਰਹੇ ਹਨ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਅੱਗੇ ਰਹੇ ਹਨ, ਜਿਸ ਕਰਕੇ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਬਿਲਕੁਲ ਠੀਕ ਅਤੇ ਯੋਗ ਫੈਸਲਾ ਹੈ।
ਸਮਾਗਮ ਦੌਰਾਨ ਮੌਜੂਦ ਆਗੂਆਂ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਦੁਬਾਰਾ ਮਜ਼ਬੂਤ ਵਿਕਲਪ ਵਜੋਂ ਖੜ੍ਹਾ ਕਰਨ ਲਈ ਸਭ ਵਰਕਰ ਇਕਜੁੱਟ ਹੋ ਕੇ ਕੰਮ ਕਰਨਗੇ ਅਤੇ ਪਾਰਟੀ ਦੀ ਨੀਤੀ, ਵਿਚਾਰਧਾਰਾ ਅਤੇ ਲੋਕ-ਹਿਤੈਸ਼ੀ ਮੁੱਦਿਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।