- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਫ਼ਰੀਦਕੋਟ ਮੋਰਚੇ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਦੌਰਾਨ ਖੇਤੀ ਖੇਤਰ ਨੂੰ ਮਿਲ ਰਹੀ ਮਹਿਜ਼ 3 ਤੋਂ 4 ਘੰਟੇ ਬਿਜਲੀ ਸਪਲਾਈ ’ਤੇ ਚਿੰਤਾ ਜ਼ਾਹਰ ਕਰਦਿਆਂ ਪਾਵਰਕਾਮ ਤੋਂ ਨਿਰਵਿਘਨ ਬਿਜਲੀ ਦੀ ਮੰਗ ਕੀਤੀ ਗਈ। ਕਰਨੈਲ ਸਿੰਘ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਖਮਾਣੋਂ ਦੀ ਅਨਾਜ ਮੰਡੀ ’ਚ ਪਈਆਂ ਕਣਕ ਦੀਆਂ ਬੋਰੀਆਂ ਅਤੇ ਸ਼ੈਲਰਾਂ ’ਚੋਂ ਜਿਨਸ ਤੁਰੰਤ ਚੁਕਵਾਈ ਜਾਵੇ ਤਾਂ ਜੋ ਅਗਾਊਂ ਪ੍ਰਬੰਧ ਮੁਕੰਮਲ ਹੋ ਸਕਣ। ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਤੇ ਯੂਥ ਆਗੂ ਇਕਬਾਲ ਸਿੰਘ ਗੋਪਾਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਫ਼ਰੀਦਕੋਟ ਵਿਖੇ ਪੀਏਡੀਬੀ ਬੈਂਕ ਅੱਗੇ ਚੱਲ ਰਹੇ ਮੋਰਚੇ ’ਚ 9 ਸਤੰਬਰ ਨੂੰ ਵੱਡੀ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ। ਆਗੂਆਂ ਨੇ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਤੁਰੰਤ ਮੁਹੱਈਆ ਕਰਵਾਉਣ ਅਤੇ ਮੋਹਨਜੀਤ ਸਿੰਘ ਸ਼ੇਰੋਵਾਲ ’ਤੇ ਹੋਏ ਪੁਲਿਸ ਤਸ਼ੱਦਦ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਦਿਆਲ ਸਿੰਘ ਖਮਾਣੋਂ, ਉੱਤਮ ਸਿੰਘ ਬਰਵਾਲੀ, ਲਖਬੀਰ ਸਿੰਘ, ਦਰਸ਼ਨ ਸਿੰਘ ਰਾਣਵਾਂ, ਕਿਰਪਾਲ ਸਿੰਘ ਬਦੇਸ਼ਾਂ, ਗੁਰਸ਼ਰਨ ਸਿੰਘ ਜਟਾਣਾ, ਗੁਰਨਾਮ ਸਿੰਘ, ਜਗਤਾਰ ਸਿੰਘ ਮੰਡੇਰਾ, ਚਰਨਜੀਤ ਸਿੰਘ ਅਮਰਾਲਾ, ਜੋਧਾ ਸਿੰਘ, ਹਰਬੰਸ ਸਿੰਘ, ਦਲਵੀਰ ਸਿੰਘ ਬੁਰਜ, ਹਰਕੀਰਤ ਸਿੰਘ ਲਖਨਪੁਰ, ਗੁਰਮੁਖ ਸਿੰਘ, ਜੋਰਾਵਰ ਸਿੰਘ ਭਾਮੀਆਂ, ਬਿੰਦਰ ਸਿੰਘ, ਨਾਹਰ ਸਿੰਘ, ਰਵਿੰਦਰ ਸਿੰਘ, ਕਰਨਵੀਰ ਸਿੰਘ, ਮਨਜੀਤ ਸਿੰਘ, ਸੁਖਬੀਰ ਸਿੰਘ ਅਤੇ ਨੰਬਰਦਾਰ ਗੁਰਚਰਨ ਸਿੰਘ ਮੌਜੂਦ ਸਨ।