- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਵਿਗਿਆਨ ਸੈਮੀਨਾਰ ’ਚ ਖੁਸ਼ਪ੍ਰੀਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਮਾਧੋਪੁਰ ਵਿਖੇ ਤਰਖਾਣ ਮਾਜਰਾ ਬਲਾਕ ਦਾ ਬਲਾਕ ਪੱਧਰੀ ਵਿਗਿਆਨ ਸੈਮੀਨਾਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਵਿਸ਼ਾ ‘ਇੰਡੀਅਨ ਐਨਰਜੀ ਬਾਸਕਟ 2047 - ਵਿਕਸਿਤ ਭਾਰਤ ਲਈ ਸਾਫ਼ ਅਤੇ ਹਰਿਤ ਊਰਜਾ’ ਸੀ, ਜਿਸ ’ਚ ਬਲਾਕ ਦੇ 13 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਦੇ ਫਿਜ਼ਿਕਸ ਲੈਕਚਰਾਰ ਕਮਲਵੀਰ ਕੌਰ ਅਤੇ ਸਰਕਾਰੀ ਹਾਈ ਸਕੂਲ ਸਾਧੂਗੜ੍ਹ ਦੇ ਸਾਇੰਸ ਮਾਸਟਰ ਗੁਰਿੰਦਰ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲੇ ’ਚ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਸੋਲਰ ਐਨਰਜੀ, ਵਿੰਡ ਐਨਰਜੀ, ਬੈਟਰੀ ਸਟੋਰੇਜ, ਗ੍ਰੀਨ ਹਾਈਡ੍ਰੋਜਨ ਅਤੇ ਬਾਇਓ-ਐਨਰਜੀ ਦੀ ਵਰਤੋਂ ਨਾਲ ਸਾਲ 2047 ਤੱਕ ਭਾਰਤ ਨੂੰ ਊਰਜਾ ਦੇ ਖੇਤਰ ’ਚ ਕਿਵੇਂ ਆਤਮ-ਨਿਰਭਰ ਬਣਾਇਆ ਜਾ ਸਕਦਾ ਹੈ। ਸਕੂਲ ਮੁਖੀ ਸੰਦੀਪ ਜੈਨ ਨੇ ਕਿਹਾ ਕਿ ਖੁਸ਼ਪ੍ਰੀਤ ਕੌਰ ਦੀ ਇਹ ਪ੍ਰਾਪਤੀ ਸਕੂਲ ਲਈ ਮਾਣ ਵਾਲੀ ਗੱਲ ਹੈ। ਅੱਜ ਦੇ ਦੌਰ ’ਚ ਬੱਚਿਆਂ ਨੂੰ ਸਾਫ਼ ਅਤੇ ਹਰਿਤ ਊਰਜਾ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜੇਤੂ ਵਿਦਿਆਰਥਣ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਉਸ ਦੀ ਗਾਈਡ ਅਧਿਆਪਕਾ ਸਾਇੰਸ ਮਿਸਟ੍ਰੈਸ ਨਵਰੂਪ ਕੌਰ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਬਿਕਰਮਜੀਤ ਸਿੰਘ, ਚੰਚਲ ਗੌਤਮ, ਰਾਜੀਵ ਕੁਮਾਰ, ਸਿਮਰਨਜੀਤ ਕੌਰ, ਪਾਲਕੀ ਬਾਲੀ, ਤਰਨਦੀਪ ਕੌਰ, ਲਖਵਿੰਦਰ ਸਿੰਘ, ਗੁਰਤੇਜ ਸਿੰਘ, ਅਤੁਲ ਸ਼ਰਮਾ, ਦਲਬੀਰ ਕੌਰ, ਹਰਜਿੰਦਰ ਕੌਰ, ਜਸਵਿੰਦਰ ਕੌਰ, ਕਿਰਨਪਾਲ ਕੌਰ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ। ਸਮੂਹ ਸਟਾਫ਼ ਨੇ ਵਿਦਿਆਰਥਣ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।